ਪਠਾਨਕੋਟ : ਪੰਜਾਬ ਪੁਲਿਸ ਵੱਲੋਂ ਚਾਈਨਾ ਡੋਰ ਉੱਤੇ ਹਰ ਤਰੀਕੇ ਨਾਲ ਪਾਬੰਦੀ ਲਾਉਣ ਦਾ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਏ ਜਾ ਰਹੇ ਹਨ। ਪਰ, ਫਿਰ ਵੀ ਕੁਝ ਲੋਕ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਚਾਈਨਾ ਡੋਰ ਦੀ ਧੜਲੇ ਨਾਲ ਵਿਕਰੀ ਵੀ ਕਰ ਰਹੇ ਹਨ ਅਤੇ ਖਰੀਦਣ ਵਾਲੇ ਖਰੀਦ ਵੀ ਰਹੇ ਹਨ। ਅਜਿਹੇ ਗੈਰ ਜ਼ਿੰਮੇਵਾਰ ਲੋਕਾਂ ਦਾ ਸ਼ਿਕਾਰ ਸੜਕਾ ਉੱਤੇ ਤੁਰੀ ਜਾਂਦੀ ਆਮ ਜਨਤਾ ਹੋ ਰਹੀ ਹੈ।
ਮਫਰਲ ਪਾਏ ਹੋਣ ਦੇ ਬਾਵਜੂਦ ਗਲਾ ਚੀਰਦੀ ਗਈ ਚਾਈਨਾ ਡੋਰ:ਮਾਮਲਾ ਪਠਾਨਕੋਟ ਤੋਂ ਹੈ, ਜਿੱਥੇ ਇਕ ਨੌਜਵਾਨ ਆਪਣੀ ਮਾਂ ਮਧੂ ਬਾਲਾ ਨਾਲ ਜੰਮੂ ਦੇ ਕਠੂਆ ਤੋਂ ਪਠਾਨਕੋਟ ਪਹੁੰਚਿਆ। ਸਕੂਟੀ ਉੱਤੇ ਸੜਕ ਉੱਤੇ ਜਾਂਦੇ ਸਮੇਂ ਟਰੱਕ ਵਿੱਚ ਫਸੀ ਚਾਈਨਾ ਡੋਰ ਨੌਜਵਾਨ ਦੇ ਗਲੇ ਵਿੱਚ ਫੱਸ ਗਈ। ਨੌਜਵਾਨ ਨੇ ਗਲੇ ਵਿੱਚ ਮਫਰਲ ਵੀ ਪਾਇਆ ਹੋਇਆ ਸੀ, ਪਰ ਚਾਈਨਾ ਡੋਰ ਮਫਰਲ ਨੂੰ ਕੱਟਦੀ ਹੋਈ ਉਸ ਦੇ ਗਲੇ ਨੂੰ ਚੀਰ ਗਈ। ਜਖਮੀ ਨੌਜਵਾਨ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਉਸ ਦੀ ਮਦਦ ਕੀਤੀ ਅਤੇ ਹਸਪਤਾਲ ਪਹੁੰਚਾਇਆ। ਇਸ ਕਾਰਨ ਉਹ ਹੁਣ ਠੀਕ ਹੈ। ਡਾਕਟਰਾਂ ਨੇ 15 ਤੋਂ ਵੱਧ ਟਾਂਕੇ ਲਾ ਕੇ ਉਸ ਦੀ ਜਾਨ ਬਚਾਈ।
ਪੀੜਤ ਮਾਂ-ਪੁੱਤ ਨੇ ਪ੍ਰਸ਼ਾਸਨ ਤੋਂ ਕੀਤੀ ਮੰਗ :ਜਖਮੀ ਨੌਜਵਾਨ ਦੀ ਮਾਂ ਮਧੂ ਬਾਲਾ ਨੇ ਦੱਸਿਆ ਕਿ ਉਹ ਦੋਵੇਂ ਸਕੂਟੀ ਉੱਤੇ ਉਸ ਦੀ ਦਵਾਈ ਲੈਣ ਲਈ ਪਠਾਨਕੋਟ ਆਏ ਸੀ, ਪਰ ਇੱਥੇ ਉਸ ਦੇ ਪੁੱਤਰ ਨਾ ਇਹ ਹਾਦਸਾ ਵਾਪਰ ਗਿਆ। ਸਮੇਂ ਸਿਰ ਹਸਪਤਾਲ ਪਹੁੰਚਾਏ ਜਾਣ ਕਾਰਨ ਨੌਜਵਾਨ ਦੀ ਜਾਨ ਬਚ ਗਈ। ਮਧੂ ਬਾਲਾ ਤੇ ਜਖਮੀ ਨੌਜਵਾਨ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਉੱਤੇ ਪਾਬੰਦੀ ਲਾਉਣ ਲਈ ਸਖ਼ਤ ਕਦਮ ਚੁੱਕੇ ਜਾਣ, ਤਾਂ ਕੋਈ ਇਸ ਤਰ੍ਹਾਂ ਹਾਦਸੇ ਦਾ ਸ਼ਿਕਾਰ ਨਾ ਹੋਵੇ।
ਲੋਕਾਂ ਨੂੰ ਚਾਈਨਾ ਡੋਰ ਨਾ ਵਰਤਣ ਦੀ ਸਲਾਹ :ਸੁਜਾਨਪੁਰ ਦੇ ਥਾਣਾ ਮੁਖੀ ਅਨਿਲ ਪਵਾਰ ਨੇ ਕਿਹਾ ਕਿ ਕਠੂਆ ਤੋਂ ਆਇਆ ਨੌਜਵਾਨ ਜੋ ਚਾਈਨਾ ਡੋਰ ਕਾਰਨ ਜਖਮੀ ਹੋਇਆ ਹੈ, ਉਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ, ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰਨ, ਇਹ ਵਾਕਈ ਬਹੁਤ ਖਤਰਨਾਕ ਹੈ। ਜੇਕਰ ਇਸ ਦੀ ਵਰਤੋਂ ਲੋਕ ਨਾ ਕਰਨ ਤਾਂ, ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:Coronavirus Update: ਭਾਰਤ ਵਿੱਚ ਕੋਰੋਨਾ ਦੇ 109 ਨਵੇਂ ਮਾਮਲੇ, ਇੱਕ ਮੌਤ, ਜਦਕਿ ਪੰਜਾਬ 'ਚ 01 ਨਵਾਂ ਮਾਮਲਾ ਦਰਜ