ਪਠਾਨਕੋਟ :ਮਾਂ ਬਾਪ ਆਪਣੇ ਬੱਚਿਆਂ ਨੂੰ ਇਸ ਲਈ ਪਾਲਦੇ ਹਨ ਕਿ ਉਹ ਉਨ੍ਹਾਂ ਦੀ ਬੁਢਾਪੇ ਦੀ ਲਾਠੀ ਬਣਨਗੇ ਪਰ ਅੱਜ ਦੇ ਕਲਯੁਗ ਸਮੇਂ ਦੇ ਵਿੱਚ ਕੁਝ ਐਸੇ ਪੁੱਤਰ ਵੀ ਹਨ ਜੋ ਕਿ ਆਪਣੇ ਮਾਂ ਬਾਪ ਨੂੰ ਇਕੱਲਿਆਂ ਛੱਡ ਦਿੰਦੇ ਹਨ। ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਕਿ 62 ਸਾਲਾਂ ਦੀ ਬਜ਼ੁਰਗ ਮਹਿਲਾ ਜੋ ਕਿ ਪਿਛਲੇ ਪੰਜ ਮਹੀਨਿਆਂ ਤੋਂ ਹਸਪਤਾਲ ਦੇ ਇਕ ਬੈੱਡ ਦੇ ਉੱਪਰ ਪਈ ਹੋਈ ਹੈ ਅਤੇ ਆਪਣੇ ਪੁੱਤਰ ਦਾ ਇੰਤਜਾਰ ਕਰ ਰਹੀ ਹੈ।
ਉਸ ਦਾ ਇਕਲੌਤਾ ਪੁੱਤਰ ਉਸ ਨੂੰ ਇਲਾਜ ਦੇ ਬਹਾਨੇ ਦੇ ਲਈ ਹਸਪਤਾਲ ਵਿਚ ਛੱਡ ਗਿਆ ਸੀ ਅਤੇ ਫਿਰ ਮੁੜ ਕੇ ਲੈਣ ਨਹੀਂ ਆਇਆ ਅਤੇ ਅੱਜ ਵੀ ਇਹ ਬਜ਼ੁਰਗ ਮਹਿਲਾ ਆਪਣੇ ਇਕਲੌਤੇ ਪੁੱਤਰ ਦੀ ਉਡੀਕ ਕਰ ਰਹੀ ਹੈ। ਆਪਣੇ ਆਲੇ-ਦੁਆਲੇ ਜਿਹੜੇ ਮਰੀਜ਼ ਪਏ ਹੋਏ ਹਨ, ਉਨ੍ਹਾਂ ਕੋਲੋਂ ਉਸ ਬਾਰੇ ਪੁੱਛਦੀ ਰਹਿੰਦੀ ਹੈ ਜੋ ਕਿ ਇਸ ਨੂੰ ਛੱਡ ਕੇ ਆਪਣੇ ਸਹੁਰੇ ਪਰਿਵਾਰ ਜਾ ਕੇ ਰਹਿਣ ਲੱਗ ਪਿਆ ਹੈ।
ਇਸ ਬਾਰੇ ਜਦੋਂ ਬਜ਼ੁਰਗ ਮਹਿਲਾ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਦਾ ਪੁੱਤਰ ਉਸ ਨੂੰ ਇਲਾਜ ਦੇ ਬਹਾਨੇ ਇੱਥੇ ਛੱਡ ਗਿਆ ਸੀ ਅਤੇ ਉਹ ਪਿਛਲੇ ਪੰਜ ਮਹੀਨਿਆਂ ਤੋਂ ਇੱਥੇ ਹੀ ਹੈ। ਉਸ ਨੇ ਦੱਸਿਆ ਕਿ ਉਸਦਾ ਪੁੱਤਰ ਆਪਣੇ ਸਹੁਰੇ ਪਰਿਵਾਰ ਜਾ ਕੇ ਰਹਿਣ ਲੱਗ ਪਿਆ ਹੈ ਅਤੇ ਉਹ ਹੁਣ ਹਸਪਤਾਲ ਦੇ ਵਿੱਚ ਹੀ ਆਪਣਾ ਗੁਜ਼ਾਰਾ ਇਕ ਬੈੱਡ ਦੇ ਉੱਪਰ ਕਰ ਰਹੀ ਹੈ।