ਪਠਾਨਕੋਟ: ਉੱਤਰ ਭਾਰਤ ਵਿੱਚ ਗਰਮੀ ਪੂਰੇ ਜ਼ੋਰਾਂ ਉੱਤੇ ਹੈ। ਸੂਬੇ ਵਿੱਚ ਲੋਕਾਂ ਨੂੰ ਗਰਮੀ ਤੋਂ ਹੋਣ ਵਾਲੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਜੇ ਇਸ ਤਰ੍ਹਾਂ ਪਾਰਾ ਵੱਧਦਾ ਰਿਹਾ ਤਾਂ ਲੋਕ ਲੂ ਦੀ ਚਪੇਟ ਵਿੱਚ ਵੀ ਆ ਸਕਦੇ ਹਨ।
ਗਰਮੀ ਕਾਰਨ ਪਠਾਨਕੋਟ 'ਚ ਮਰੀਜ਼ਾਂ ਦੀ ਗਿਣਤੀ ਵਧੀ - SMO
ਮਈ ਮਹੀਨੇ ਦੇ ਅਖ਼ੀਰ ਵਿੱਚ ਜ਼ਿਲ੍ਹਾ ਪਠਾਨਕੋਟ ਵਿੱਚ ਗਰਮੀ ਦਾ ਕਹਿਰ ਸਿਖ਼ਰ 'ਤੇ। ਗਰਮੀ ਕਾਰਨ ਸਿਵਲ ਹਸਪਤਾਲ ਪਠਾਨਕੋਟ ਵਿੱਚ ਵਧੀ ਮਰੀਜ਼ਾਂ ਦੀ ਗਿਣਤੀ।
ਪਠਾਨਕੋਟ ਦੇ ਲੋਕਾਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਤਬਦੀਲੀ ਆਉਣੀ ਗਲੋਬਲ ਵਾਰਮਿੰਗ ਦਾ ਨਤੀਜਾ ਹੈ। ਦਰਖ਼ਤਾਂ ਦੀ ਲਗਾਤਾਰ ਹੋ ਰਹੀ ਕਟਾਈ ਇਸ ਦਾ ਮੁੱਖ ਕਾਰਨ ਹੈ। ਜੇ ਲੋਕ ਹੁਣ ਵੀ ਜਾਗਰੂਕ ਨਹੀਂ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਉੱਥੇ ਹੀ ਇਸ ਗਰਮੀ ਦੇ ਮੌਸਮ ਕਾਰਨ ਲੋਕ ਬਿਮਾਰ ਹੋ ਰਹੇ ਹਨ। ਜਿਸ ਤੋਂ ਬਾਅਦ ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਲੋਕਾਂ ਨੇ ਪ੍ਰਸ਼ਾਸਨ ਦੇ ਅੱਗੇ ਅਪੀਲ ਕੀਤੀ ਹੈ ਕਿ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਵੇਖ ਕੇ ਸਿਵਲ ਹਸਪਤਾਲ ਦੇ ਵਿੱਚ ਪੁਖ਼ਤਾ ਇੰਤਜ਼ਾਮ ਕੀਤੇ ਜਾਣ।
ਸਿਵਲ ਹਸਪਤਾਲ ਦੇ ਐੱਸਐੱਮਓ ਡਾ.ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਗੰਦਾ ਪਾਣੀ ਪੀਣ ਕਾਰਨ ਲੋਕ ਅੱਜ ਕੱਲ੍ਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਨਾਲ ਡੇਂਗੂ ਅਤੇ ਮਲੇਰੀਏ ਵਰਗੀਆਂ ਬਿਮਾਰੀਆਂ ਵੀ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਪਣੇ ਆਲੇ-ਦੁਆਲੇ ਫ਼ਾਲਤੂ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਅਤੇ ਪਾਣੀ ਨੂੰ ਉਬਾਲ ਕੇ ਜਾਂ ਫਿਲਟਰ ਪਾਣੀ ਦੀ ਵਰਤੋਂ ਕਰਨ।