ਪਠਾਨਕੋਟ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਰੇਕ ਸਿੱਖ ਨੂੰ ਲਾਇਸੈਂਸੀ ਹਥਿਆਰ ਰੱਖਣ ਦੇ ਬਿਆਨ ਤੋਂ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਇਸ ਬਿਆਨ ਉੱਪਰ ਸਵਾਲ ਚੁੱਕੇ ਜਾ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦਾ ਬਿਆਨ ਸਾਹਮਣੇ ਆਇਆ ਹੈ। ਲਾਲਚੰਦ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਅਜਿਹਾ ਬਿਆਨ ਦਿੱਤਾ ਹੈ, ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਵੇਗੀ, ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਭਾਈਚਾਰਾ ਕਾਇਮ ਹੈ ਅਤੇ ਹਰ ਕੋਈ ਸ਼ਾਂਤੀ ਨਾਲ ਰਹਿ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ। ਦੱਸ ਦਈਏ ਕਿ ਕੈਬਨਿਟ ਮੰਤਰੀ ਲਾਲਚੰਦ ਦਾ ਇਹ ਪ੍ਰਤੀਕਰਮ ਪਠਾਨਕੋਟ ਦੇ ਭੋਆ ਵਿਖੇ ਇੱਕ ਸਮਾਗਮ ਦੌਰਾਨ ਸਾਹਮਣੇ ਆਇਆ ਹੈ।