ਪਠਾਨਕੋਟ: ਪੰਜ ਸਾਲ ਪਹਿਲਾਂ ਦੀਨਾਨਗਰ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਹੋਮਗਾਰਡ ਜਵਾਨ ਦੇ ਪਰਿਵਾਰ ਨੂੰ ਸੋਮਵਾਰ ਪੁਲਿਸ ਨੇ ਹੱਕ ਦਿਵਾਉਂਦੇ ਹੋਏ ਪਲਾਟ ਤੋਂ ਕਬਜ਼ਾ ਛੁਡਵਾ ਕੇ ਪਰਿਵਾਰ ਹਵਾਲੇ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਜੰਗਲਾਂ ਦੇ ਜਵਾਨ ਦੇਸਰਾਜ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਸ਼ਹਾਦਤ 'ਤੇ 5 ਮਰਲੇ ਦਾ ਪਲਾਟ, ਮੁੰਡੇ ਨੂੰ ਨੌਕਰੀ ਅਤੇ ਸ਼ਹੀਦ ਦੇ ਨਾਂਅ 'ਤੇ ਸਕੂਲ ਦਾ ਗੇਟ ਬਣਾਉਣ ਦਾ ਵਾਅਦਾ ਕੀਤਾ ਸੀ।
ਸੋਮਵਾਰ ਨੂੰ ਸ਼ਹੀਦ ਦੇ ਪਰਿਵਾਰ ਨੂੰ ਇਨਸਾਫ਼ ਮਿਲਣ 'ਤੇ ਸ਼ਹੀਦ ਦੇ ਮੁੰਡੇ ਜਤਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪੰਜ ਮਰਲੇ ਦੇ ਪਲਾਟ 'ਤੇ ਕਬਜ਼ੇ ਦਾ ਕੇਸ ਚੱਲ ਰਿਹਾ ਸੀ, ਜਿਸ ਸਬੰਧੀ ਉਨ੍ਹਾਂ ਨੇ ਸ਼ਹੀਦ ਪਰਿਵਾਰ ਸੁਰਖਿਆ ਪ੍ਰੀਸ਼ਦ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਕਈ ਪ੍ਰਸ਼ਾਸਨਿਕ ਦਫ਼ਤਰਾਂ ਵਿੱਚ ਧੱਕੇ ਵੀ ਖਾਧੇ ਪਰ ਮਸਲਾ ਹੱਲ ਨਹੀਂ ਹੋਇਆ ਸੀ। ਪਰ ਅੱਜ ਉਨ੍ਹਾਂ ਨੂੰ ਪਲਾਟ 'ਤੇ ਕਬਜ਼ਾ ਮਿਲ ਗਿਆ ਹੈ।