ਚੰਡੀਗੜ੍ਹ: ਬੀਤੇ ਦਿਨੀਂ ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਦੱਸ ਦਈਏ ਕਿ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਪਠਾਨਕੋਟ ਦੀ ਸਬ ਜੇਲ੍ਹ 'ਚ ਭੇਜਿਆ ਗਿਆ ਹੈ। ਜੋਗਿੰਦਰ ਪਾਲ ਨੂੰ ਬੀਤੇ ਦਿਨੀਂ ਨਾਜਾਇਜ਼ ਮਾਈਨਿੰਗ ਅਤੇ ਪੁਲਿਸ ਨਾਲ ਬਦਸਲੂਕੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਜਾਣਕਾਰੀ ਵਕੀਲ ਨੇ ਦਿੱਤੀ। ਵਕੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋਗਿੰਦਰ ਪਾਲ ਤੋਂ ਹੁਣ ਜੇਲ੍ਹ ਵਿੱਚ ਪੁੱਛਗਿੱਛ ਕੀਤੀ ਜਾਵੇਗੀ।
ਮਾਈਨਿੰਗ ਮਾਮਲੇ 'ਚ ਪਾਇਆ ਗਿਆ ਦੋਸ਼ੀ :ਦੱਸਣਯੋਗ ਹੈ ਕਿ ਮਾਈਨਿੰਗ ਮਾਮਲੇ 'ਚ ਸਖਤ ਰੁਖ ਅਖਤਿਆਰ ਕਰਦਿਆਂ ਪੰਜਾਬ ਸਰਕਾਰ ਵੱਲੋਂ ਪਠਾਨਕੋਟ 'ਚ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਵੱਡੀ ਕਰਦਿਆਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਭੋਆ ਨੂੰ ਗ੍ਰਿਫਤਾਰ ਕੀਤਾ ਸੀ। ਜੋਗਿੰਦਰ ਪਾਲ 'ਤੇ ਨਾਜਾਇਜ਼ ਮਾਈਨਿੰਗ ਕਰਵਾਉਣ ਦਾ ਦੋਸ਼ ਹੈ। ਦੱਸ ਦੇਈਏ ਕਿ “ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਕਿ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਉੱਤੇ ਸਖਤੀ ਕੀਤੀ ਜਾਵੇਗੀ ਭਾਵੇਂ ਹੀ ਉਹ ਕੋਈ ਉਹਨਾਂ ਦਾ ਆਪਣਾ ਹੀ ਮੰਤਰੀ ਵਿਧਾਇਕ ਕਿਓਂ ਨਾ ਹੋਵੇ।
ਉਥੇ ਹੀ ਵਿਰੋਧੀ ਧਿਰਾਂ ਦੇ ਮੰਤਰੀਆਂ ਖਿਲਾਫ ਵੀ ਸੂਬਾ ਸਰਕਾਰ ਨੇ ਸਖਤੀ ਕੀਤੀ ਹੈ। ਇਸ ਹੀ ਤਹਿਤ ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਖਿਲਾਫ ਮਿਲੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਏ ਤੱਥਾਂ ਦੇ ਅਧਾਰ ਉੱਤੇ ਕਾਰਵਾਈ ਕਰਨ ਤੋਂ ਬਾਅਦ ਗ੍ਰਿਫਤਾਰ ਕਰਕੇ ਭ੍ਰਿਸ਼ਟਾਚਾਰ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਆਪਣੀ ‘ਜ਼ੀਰੋ ਟੋਲਰੈਂਸ’ ਨੀਤੀ ਦੀ ਪੁਸ਼ਟੀ ਕੀਤੀ ਹੈ।
ਕਰੱਸ਼ਰ ਵਾਲੀ ਜਗ੍ਹਾ 'ਤੇ ਗੈਰ-ਕਾਨੂੰਨੀ ਮਾਈਨਿੰਗ : ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ, ਰਾਵੀ ਨਦੀ ਦੇ ਨੇੜੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਭੋਆ ਦੀ ਪਤਨੀ ਦੀ ਮਲਕੀਅਤ ਵਾਲੀ ਇਕ ਕਰੱਸ਼ਰ ਵਾਲੀ ਜਗ੍ਹਾ 'ਤੇ ਗੈਰ-ਕਾਨੂੰਨੀ ਮਾਈਨਿੰਗ ਦਾ ਪਤਾ ਲੱਗਾ। ਐਸ.ਡੀ.ਓ ਮਾਈਨਿੰਗ ਮੌਕੇ 'ਤੇ ਪਹੁੰਚ ਗਏ ਸਨ। ਜਿਨ੍ਹਾਂ ਨੇ ਪੋਕਲੇਨ ਮਸ਼ੀਨਾਂ ਅਤੇ ਟਿੱਪਰਾਂ ਰਾਹੀਂ ਵੱਡੀ ਮਾਤਰਾ ਵਿੱਚ ਮਾਈਨਿੰਗ ਹੋਣ ਦੀ ਪੁਸ਼ਟੀ ਕੀਤੀ ਹੈ।ਜੋਗਿੰਦਰ ਪਾਲ ਭੋਆ ਨੇ ਵੀ ਕਾਨੂੰਨੀ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਪ੍ਰਸ਼ਾਸਨ ਨੇ ਉਸ ਨੂੰ ਅਤੇ ਉਸ ਦੇ ਇੱਕ ਸਾਥੀ ਸੁਰਜੀਤ ਸਿੰਘ ਉਰਫ਼ ਲਾਡੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਮੌਕੇ ਤੋਂ ਇੱਕ ਪੋਕਲੇਨ ਮਸ਼ੀਨ ਅਤੇ ਇੱਕ ਟਿੱਪਰ ਵੀ ਬਰਾਮਦ ਕੀਤਾ ਗਿਆ ਹੈ। ਮਾਈਨਿੰਗ ਅਧਿਕਾਰੀ ਦੇ ਬਿਆਨਾਂ ਦੇ ਅਧਾਰ ’ਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਭੋਆ ਸਮੇਤ ਕਈ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।