ਪਠਾਨਕੋਟ: ਭਾਰਤ ਪਾਕਿਸਤਾਨ ਸਰਹੱਦ 'ਤੇ ਵਸੇ ਪਿੰਡ ਦੇ ਬੱਚਿਆਂ ਦੀ ਪੜ੍ਹਾਈ ਕੋਰੋਨਾ ਮਹਾਂਮਾਰੀ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਅਸੀਂ ਅੱਜ ਗੱਲ ਕਰ ਰਹੇ ਹਾਂ ਸਰਹੱਦ ਨੇੜੇ ਵਸੇ ਪਿੰਡ ਸਿੰਬਲ ਸਕੋਲ ਦੀ। ਇਹ ਪਿੰਡ ਅੱਜ ਵੀ ਆਪਣੀ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ। ਅਜਿਹੇ 'ਚ ਆਨਲਾਈਨ ਪੜ੍ਹਾਈ ਦੀ ਲੋੜ ਨੇ ਸ਼ਹਿਰਾਂ ਨਾਲ ਡਿਜਿਟਲ ਪਾੜ ਨੂੰ ਵਧਾ ਦਿੱਤਾ ਹੈ।
ਜੀਰੋ ਲਾਈਨ 'ਤੇ ਵਸੇ ਇਸ ਪਿੰਡ ਵਿੱਚ ਮੋਬਾਈਲ ਨੈਟਵਰਕ ਨਾ ਆਉਣ ਕਾਰਨ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਖ਼ਾਸੀ ਦਿੱਕਤ ਦਾ ਸਾਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਦੀਆਂ ਕਲਾਸਾਂ ਆਨ-ਲਾਈਨ ਤਾਂ ਲਗ ਰਹੀ ਹਨ ਪਰ ਮੋਬਾਈਲ ਟਾਵਰ ਨਾ ਹੋਣ ਕਾਰਨ ਇਥੇ ਦੇ ਬੱਚੇ ਪੜ੍ਹਾਈ ਤੋਂ ਸਖਣੇ ਹਨ।
ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਡਿਜੀਟਲ ਪੜ੍ਹਾਈ ਨੂੰ ਤਰਸਦੇ ਬੱਚੇ ਬਚਿਆਂ ਦੇ ਮਾਪਿਆਂ ਨੇ ਦਸਿਆ ਕਿ ਅਸੀਂ ਤਾਂ ਸਿਰਫ ਸਕੂਲ ਦੀਆਂ ਫੀਸਾਂ ਹੀ ਦੇ ਰਹੇ ਹਾਂ ਕਿਉਂਕਿ ਸਕੂਲਾਂ ਵੱਲੋਂ ਪੜ੍ਹਾਈ ਆਨ-ਲਾਈਨ ਕਰਵਾਈ ਜਾ ਰਹੀ ਹੈ ਤੇ ਸਾਡੇ ਪਿੰਡ 'ਚ ਪਹਿਲਾਂ ਹੀ ਕੋਈ ਮੋਬਾਈਲ ਟਾਵਰ ਨਹੀਂ ਹੈ ਤਾਂ ਸਾਡੇ ਬੱਚੇ ਪੜ੍ਹਾਈ ਕਿਵੇਂ ਕਰਨਗੇ।
ਇਸ ਬਾਰੇ ਜਦੋਂ ਸਿੱਖਿਆ ਵਿਭਾਗ ਦੇ ਅਧਿਕਾਰੀ ਜਗਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਗੱਲ ਦਾ ਉਨ੍ਹਾਂ ਨੂੰ ਵੀ ਪਤਾ ਹੈ। ਇਸ ਲਈ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਜੇ ਮੋਬਾਈਲ ਨੈਟਵਰਕ ਨਹੀਂ ਹਨ ਤਾਂ ਉਹ ਟੈਲੀਵਿਜਨ ਰਾਹੀ ਬੱਚਿਆਂ ਦੀ ਪੜ੍ਹਾਈ ਕਰਵਾ ਸਕਣ।
ਆਜ਼ਾਦੀ ਦੇ 70 ਦਹਾਕਿਆਂ ਬਾਅਦ ਵੀ ਭਾਰਤ ਦੇ ਇਸ ਆਖ਼ਰੀ ਪਿੰਡ ਦੇ ਲੋਕਾਂ ਵੱਲ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ। ਇਥੇ ਅੱਜ ਵੀ ਲੋਕਾਂ ਨੂੰ ਦਰਿਆ ਪਾਰ ਕਰਨ ਲਈ ਕਿਸ਼ਤੀ ਦਾ ਇਸਤੇਮਾਲ ਕਰਨਾ ਪੈਂਦਾ ਹੈ। ਅਜਿਹੇ 'ਚ ਡਿਜਿਟਲ ਮਾਧਿਅਮ ਰਾਹੀਂ ਪੜ੍ਹਾਈ ਗੱਲੀਬਾਤੀ ਜਾਪਦੀ ਹੈ। ਮਹਾਂਮਾਰੀ ਦੇ ਦੌਰਾਨ ਵੀ ਮੁਲਕ ਦੇ ਭਵਿੱਖ ਦੀ ਨੀਂਹ ਮਜਬੂਤ ਬਣਾਉਣ ਲਈ ਸਰਕਾਰਾਂ ਨੂੰ ਅਸਲ ਕੋਸ਼ਿਸ਼ਾ ਕਰਨ ਦੀ ਲੋੜ ਹੈ।