ਪਠਾਨਕੋਟ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਜਿੱਥੇ ਕੇਂਦਰ ਤੇ ਸੂਬਾ ਸਰਕਾਰਾਂ ਲਗਾਤਾਰ ਯਤਨਸ਼ੀਲ ਹਨ ਉੱਥੇ ਹੀ ਪ੍ਰਸ਼ਾਸਨ ਵੱਲੋਂ ਵੀ ਅਹਤਿਆਤ ਦਿਖਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ, ਬੱਸਾਂ, ਟ੍ਰੇਨਾਂ ਜ਼ਿਆਦਾਤਰ ਬੰਦ ਕਰ ਦਿੱਤੀਆਂ ਗਈਆਂ ਹਨ।
ਇਸਦੇ ਬਾਵਜੂਦ ਕੁਝ ਸ਼ਰਾਰਤੀ ਲੋਕ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਗਲਤ ਅਫਵਾਹਾਂ ਫੈਲਾ ਰਹੇ ਹਨ, ਜਿਸ ਦੇ ਚੱਲਦਿਆਂ ਪਠਾਨਕੋਟ ਦੇ ਵਿੱਚ ਵੀ ਇੱਕ ਮੈਸੇਜ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ ਪਠਾਨਕੋਟ ਦੇ ਢਾਂਗੂ ਰੋਡ ਉਪਰ ਰਹਿਣ ਵਾਲੇ ਇੱਕ ਪਰਿਵਾਰ ਦੇ 5 ਲੋਕਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਇਸ ਨੂੰ ਲੈ ਕੇ ਪੂਰੇ ਪਠਾਨਕੋਟ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।
ਕੋਵਿਡ-19: ਅਫਵਾਹਾਂ ਦਾ ਬਜ਼ਾਰ ਗਰਮ ਉਸ ਨੂੰ ਵੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਇਸ ਤਰ੍ਹਾਂ ਦੀਆ ਅਫ਼ਵਾਹਾਂ ਨਾ ਫੈਲਾਉਣ ਦੇ ਸਖ਼ਤ ਆਦੇਸ਼ ਦਿੱਤੇ ਹਨ ਅਤੇ ਨਾਲ ਹੀ ਜੇਕਰ ਕੋਈ ਇਸ ਤਰ੍ਹਾਂ ਕਰ ਰਿਹਾ ਹੈ, ਉਸ ਉਪਰ ਕਾਰਵਾਈ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ।
ਫਿਲਹਾਲ ਇਸ ਬਾਰੇ ਜਦੋਂ ਐਸਐਮਓ ਪਠਾਨਕੋਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਮਰੀਜ਼ ਕੋਰੋਨਾ ਵਾਇਰਸ ਦਾ ਪਠਾਨਕੋਟ ਦੇ ਵਿੱਚ ਅਜੇ ਤੱਕ ਨਹੀਂ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਲਿਖ ਰਿਹਾ ਹੈ ਤਾਂ ਉਹ ਬਹੁਤ ਗਲਤ ਹੈ, ਲੋਕ ਇਸ ਵੱਲ ਧਿਆਨ ਨਾ ਦੇਣ।
ਦੂਜੇ ਪਾਸੇ ਏਡੀਸੀ ਪਠਾਨਕੋਟ ਨੇ ਇਸ ਮੈਸੇਜ ਨੂੰ ਬਿਲਕੁਲ ਫੇਕ ਦੱਸਦੇ ਹੋਏ ਕਿਹਾ ਕਿ ਲੋਕ ਇਸ ਤਰ੍ਹਾਂ ਦੀਆਂ ਗ਼ਲਤ ਅਫ਼ਵਾਹਾਂ ਨਾ ਫੈਲਾਉਣ, ਜੋ ਇਸ ਤਰ੍ਹਾਂ ਕਰ ਰਹੇ ਹਨ ਉਹਦੇ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ।