ਪਠਾਨਕੋਟ: ਸਰਕਾਰਾਂ ਵੱਲੋਂ ਲੋਕਾਂ ਦੀਆਂ ਸਹੂਲਤਾਂ ਦੇ ਲਈ ਲੱਖਾਂ-ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਪਰ ਪ੍ਰਸ਼ਾਸਨ ਵੱਲੋਂ ਆਪਣਾ ਫਰਜ਼ ਸਹੀ ਢੰਗ ਨਾਲ ਨਹੀਂ ਨਿਭਾਇਆ ਜਾਂਦਾ। ਸਰਕਾਰਾਂ ਵੱਲੋਂ ਲੋਕਾਂ ਦੀਆਂ ਸਹੂਲਤਾਂ ਲਈ ਜਾਰੀ ਕੀਤੇ ਜਾਂਦੇ ਪੈਸੇ ਦੀ ਪ੍ਰਸ਼ਾਸਨ ਵੱਲੋਂ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਜਾਂਦੀ।
ਪਠਾਨਕੋਟ ਦੇ ਹਲਕਾ ਭੋਆ ਵਿੱਚ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਪਠਾਨਕੋਟ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਅਤੇ ਜੰਮੂ-ਪਠਾਨਕੋਟ ਨੂੰ ਜੋੜਨ ਵਾਲੀ ਕੋਟਲੀ ਸੁੰਦਰ ਚੱਕ ਲਿੰਕ ਰੋਡ 'ਤੇ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਨਵਾਂ ਪੁੱਲ ਬਣਾਇਆ ਗਿਆ ਸੀ। ਪਰ ਥੋੜ੍ਹੀ ਸਮੇਂ ਵਿੱਚ ਹੀ ਪੁੱਲ ਦੀ ਹਾਲਤ ਇੰਨੀ ਖ਼ਸਤਾ ਹੋ ਗਈ ਹੈ ਕਿ ਇਸ ਦੇ ਕੰਡੇ ਟੁੱਟ ਗਏ ਹਨ ਅਤੇ ਪੁਲ ਨੂੰ ਜੋੜਨ ਵਾਲੀ ਸੜਕ ਪੁਲ ਦੇ ਦੋਵੇਂ ਕਿਨਾਰਿਆਂ ਤੋਂ ਟੁੱਟ ਗਈ ਹੈ, ਜਿਥੋਂ ਹਰ ਰੋਜ਼ ਸੈਂਕੜੇ ਲੋਕ ਲੰਘਦੇ ਹਨ ਅਤੇ ਇਹ ਪੁੱਲ ਚਾਰ ਦਰਜਨ ਪਿੰਡਾਂ ਨੂੰ ਵੀ ਜੋੜਦਾ ਹੈ।
ਇਹ ਪੁੱਲ ਕੁਝ ਸਮਾਂ ਪਹਿਲਾਂ ਹੀ ਬਣਾਇਆ ਗਿਆ ਸੀ ਅਤੇ ਪ੍ਰਸ਼ਾਸਨ ਦੇ ਵੱਲੋਂ ਸਮੇਂ ਸਿਰ ਇਸ ਦੀ ਮੁਰੰਮਤ ਨਾ ਕਰਾ ਸਕਣ ਕਾਰਨ ਸਥਾਨਕ ਲੋਕ ਇੱਥੇ ਹੋਣ ਵਾਲੇ ਹਾਦਸੇ ਤੋਂ ਡਰਦੇ ਹਨ, ਲੋਕ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ ਕਿ ਇਸ ਪੁੱਲ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।