ਪਠਾਨਕੋਟ: ਖੇਤਰ ਵਿੱਚ ਪੁਲਿਸ ਨੇ ਕਾਲਾ ਕੱਛਾ ਗਿਰੋਹ ਦੇ ਮੱਦੇਨਜ਼ਰ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣੇ ਸ਼ੁਰੂ ਕੀਤੇ ਹਨ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਹਲਕਾ ਸੁਜਾਨਪੁਰ ਦੇ ਪਿੰਡ ਥਰਿਆਲ ਵਿੱਚ ਕੁੱਝ ਅਣਪਛਾਤਿਆਂ ਨੇ ਇੱਕ ਪਰਿਵਾਰ ਉਪਰ ਹਮਲਾ ਕਰਕੇ ਇੱਕ ਮੈਂਬਰ ਦਾ ਕਤਲ ਕਰ ਦਿੱਤਾ ਸੀ ਤੇ 4 ਜਣੇ ਗੰਭੀਰ ਜ਼ਖ਼ਮੀ ਹੋਏ ਸਨ। ਇਸ ਮਾਮਲੇ ਵਿੱਚ ਪੁਲਿਸ ਨੂੰ ਕਾਲਾ ਕੱਛਾ ਗਿਰੋਹ ਦੇ ਹੱਥ ਹੋਣ ਦਾ ਸ਼ੱਕ ਹੈ, ਜਿਸ ਸਬੰਧੀ ਪੁਲਿਸ ਨੇ ਠੀਕਰੀ ਪਹਿਰੇ ਸ਼ੁਰੂ ਕੀਤੇ ਹਨ।
ਪਠਾਨਕੋਟ 'ਚ ਕਾਲਾ ਕੱਛਾ ਗਿਰੋਹ ਮੁੜ ਸਰਗਰਮ, ਠੀਕਰੀ ਪਹਿਰੇ ਦੇ ਹੁਕਮ ਇਸ ਮੌਕੇ ਪਿੰਡ ਥਰਿਆਲ ਵਾਸੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਰਾਤ ਦੇ ਸਮੇਂ ਪਿੰਡ ਵਿੱਚ ਕੁੱਝ ਲੋਕ ਇੱਕਠੇ ਹੋ ਕੇ ਪਹਿਰਾ ਦਿੰਦੇ ਹਨ ਅਤੇ ਵੱਖ-ਵੱਖ ਚੌਂਕਾਂ ਤੇ ਗਲੀਆਂ ਵਿੱਚ ਪਹਿਰੇ ਉਪਰ ਰਹਿੰਦੇ ਹਨ।
ਇਸ ਸਬੰਧੀ ਡੀਐਸਪੀ ਰਾਜਿੰਦਰ ਮਨਹਾਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਸੁਜਾਨਪੁਰ ਵਿੱਚ ਇੱਕ ਪਰਿਵਾਰ ਉਪਰ ਹਮਲੇ ਦੀ ਵਾਰਦਾਤ ਹੋਈ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਹ ਹਮਲਾ ਪੁਲਿਸ ਨੂੰ ਕਾਲਾ ਕੱਛਾ ਗਿਰੋਹ ਦਾ ਕੰਮ ਲਗਦਾ ਹੈ। ਇਸ ਦੇ ਮੱਦੇਨਜ਼ਰ ਹੀ ਪਿੰਡਾਂ ਵਿੱਚ ਇਹ ਠੀਕਰੀ ਪਹਿਰੇ ਲਗਵਾਏ ਜਾ ਰਹੇ ਹਨ ਤਾਂ ਕਿ ਦੁਬਾਰਾ ਕੋਈ ਅਣਹੋਣੀ ਘਟਨਾ ਨਾ ਵਾਪਰੇ। ਉਨ੍ਹਾਂ ਦੱਸਿਆ ਕਿ ਇਸ ਲਈ ਪੁਲਿਸ ਪਾਰਟੀ ਦੀਆਂ ਵੱਖ-ਵੱਖ ਪੈਟਰੋਲਿੰਗ ਟੀਮਾਂ ਵੀ ਬਣਾਈਆਂ ਗਈਆਂ ਹਨ, ਜੋ ਪਿੰਡ ਵਾਸੀਆਂ ਦਾ ਸਾਥ ਦੇਣਗੀਆਂ।
ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ ਉਪਰ ਨਜ਼ਰ ਰੱਖਣ, ਭਾਵੇਂ ਪਿੰਡ ਵਿੱਚ ਕੋਈ ਸਮਾਨ ਵੇਚਣ ਵਾਲਾ ਹੀ ਕਿਉਂ ਨਾ ਹੋਵੇ। ਲੋਕ ਆਪਣੇ ਤੌਰ 'ਤੇ ਉਸ ਕੋਲੋਂ ਪੁੱਛਗਿੱਛ ਕਰ ਸਕਦੇ ਹਨ।