ਪਠਾਨਕੋਟ: ਪਿੰਡ ਥਰਿਆਲ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਭਾਰਤ ਦੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੀ ਭੂਆ ਦੇ ਘਰ ਕੀਤੇ ਗਏ ਹਮਲੇ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸੁਰੇਸ਼ ਰੈਨਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਖ਼ਤ ਜਾਂਚ ਦੀ ਮੰਗ ਕੀਤੀ ਹੈ।
ਰੈਨਾ ਨੇ ਇੱਕ ਟਵੀਟ ਕਰਦੇ ਹੋਏ ਲਿਖਿਆ ਕਿ ਮੈਨੂੰ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਉਸ ਰਾਤ ਮੇਰੀ ਭੂਆ ਘਰ ਕੀ ਹੋਇਆ ਸੀ ਤੇ ਇਹ ਸਭ ਕਿਸ ਨੇ ਕੀਤਾ। ਮੁੱਖ ਮੰਤਰੀ ਤੇ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰਨ। ਰੈਨਾ ਨੇ ਕਿਹਾ ਕਿ ਮੈਨੂੰ ਇਹ ਜਾਨਣ ਦਾ ਪੂਰਾ ਅਧਿਕਾਰ ਹੈ ਕਿ ਇਹ ਸ਼ਰਮਨਾਕ ਹਰਕਤ ਕਿਸ ਨੇ ਅਤੇ ਕਿਉਂ ਕੀਤੀ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਬਖ਼ਸ਼ਿਆ ਨਾ ਜਾਵੇ।
ਕੀ ਹੈ ਪੂਰਾ ਮਾਮਲਾ
ਬੀਤੀ 19 ਅਗਸਤ ਨੂੰ ਪਠਾਨਕੋਟ ਦੇ ਥਰਿਆਲ ਵਿੱਚ ਰਹਿੰਦੀ ਸੁਰੇਸ਼ ਰੈਨਾ ਦੀ ਭੂਆ ਦੇ ਘਰ ਰਾਤ ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ ਅਤੇ ਹੁਣ 31 ਅਗਸਤ ਦੀ ਰਾਤ ਨੂੰ ਰੈਨਾ ਦੀ ਭੂਆ ਦੇ ਮੰਡੇ ਦੀ ਵੀ ਮੌਤ ਹੋ ਗਈ ਹੈ। ਘਟਨਾ ਵਿੱਚ ਜਖ਼ਮੀ ਹੋਈ ਰੈਨਾ ਦੀ ਭੂਆ ਅਜੇ ਵੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।