ਪਟਾਨਕੋਟ: ਪਠਾਨਕੋਟ ਦਾ ਹਿੰਦੂ ਕੋਆਪ੍ਰੇਟਿਵ ਬੈਂਕ ਡੁੱਬਣ ਦੀ ਕਗਾਰ 'ਤੇ ਹੈ। ਆਰਬੀਆਈ ਨੇ ਆਮ ਲੋਕਾਂ ਦੇ ਬੈਂਕ ਦੇ ਵਿੱਚੋਂ ਪੈਸੇ ਕਢਾਉਣ ਦੇ ਉੱਤੇ ਰੋਕ ਲਗਾ ਦਿੱਤੀ ਹੈ, ਜਿਸ ਕਾਰਨ ਆਮ ਜਨਤਾ ਪ੍ਰੇਸ਼ਾਨ ਹੈ। 90 ਹਜ਼ਾਰ ਖਾਤਾਕਾਰ ਪੈਸੇ ਨਹੀਂ ਕਢਵਾ ਪਾ ਰਹੇ ਹਨ। ਇੱਥੋਂ ਤੱਕ ਕਿ ਵਿਧਾਇਕ ਅਤੇ ਮੰਤਰੀ ਵੀ ਇਸ ਦਾ ਹੱਲ ਕੱਢਣ ਵਿੱਚ ਲੱਗੇ ਹੋਏ ਹਨ।
ਮੌਕੇ 'ਤੇ ਪੁੱਜੇ ਸੁਨੀਲ ਜਾਖੜ ਤੇ ਸੁਖਜਿੰਦਰ ਰੰਧਾਵਾ ਨੇ ਦੱਸੇ ਬੈਂਕ ਦੇ ਹਾਲਾਤ, ਦਿੱਤਾ ਮਦਦ ਦਾ ਭਰੋਸਾ, ਵੇਖੋ ਵੀਡੀਓ। ਬੈਂਕ ਨੂੰ ਡੁੱਬਣ ਤੋਂ ਬਚਾਉਣ ਦੇ ਲਈ ਰਾਜਨੀਤਕ ਦਿੱਗਜਾਂ ਨੇ ਮੋਰਚਾ ਸੰਭਾਲਿਆ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਉਹ ਬੈਂਕ ਨੂੰ ਬਚਾਉਣ ਦੇ ਲਈ ਅੱਜ ਵੀ ਆਪਣੀ ਗੱਲ ਉੱਤੇ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿਸੇ ਵੀ ਕੀਮਤ ਦੇ ਉੱਤੇ ਲੋਕਾਂ ਦੇ ਮਿਹਨਤ ਦੇ ਨਾਲ ਕਮਾਏ ਹੋਏ ਪੈਸੇ ਡੁੱਬਣ ਨਹੀਂ ਦਿੱਤੇ ਜਾਣਗੇ ਅਤੇ ਜੋ ਡਿਫਾਲਟਰ ਹਨ ਜਿਨ੍ਹਾਂ ਨੇ ਬੈਂਕ ਤੋਂ ਕਰਜ਼ ਲੈ ਕੇ ਵਾਪਸ ਨਹੀਂ ਕੀਤੇ, ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਦ ਇਸ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਈ ਵਾਰ ਚੰਡੀਗੜ੍ਹ ਵਿੱਚ ਹਿੰਦੂ ਕੋਆਪ੍ਰੇਟਿਵ ਬੈਂਕ ਦੇ ਡਿਫਾਲਟਰਾਂ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਡਿਫਾਲਟਰਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਬੈਂਕ ਦੇ ਪੈਸੇ ਵਾਪਸ ਕਰ ਦਿਉ ਨਹੀਂ ਤਾਂ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੱਥੋਂ ਤੱਕ ਕਿ ਬੈਂਕ ਦੀ ਵਿਆਜ ਦਰ ਉਨ੍ਹਾਂ ਦੇ ਕਰਜ਼ ਦੇ ਉੱਤੇ 8.5 ਫ਼ੀਸਦੀ ਕਰ ਦਿੱਤੀ ਜਾਵੇਗੀ, ਪਰ ਸ਼ਰਤ ਇਹ ਹੋਵੇਗੀ ਕਿ ਪਹਿਲਾਂ ਉਨ੍ਹਾਂ ਨੂੰ ਆਪਣੇ ਕਰਜ਼ ਦੇ 20 ਫ਼ੀਸਦੀ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ, ਪਰ ਕਿਸੇ ਨੇ ਅੱਜ ਤੱਕ ਕੋਈ ਵੀ ਪੈਸਾ ਜਮ੍ਹਾ ਨਹੀਂ ਕਰਵਾਇਆ। ਦੱਸ ਦਈਏ ਕਿ ਬੈਂਕ ਡਿਫਾਲਟਰਾਂ ਦਾ ਬਕਾਇਆ ਰਾਸ਼ੀ ਹੋਣ ਤੱਕ 80 ਕਰੋੜ ਪਾਰ ਕਰ ਚੁੱਕਾ ਹੈ, ਜਿਹੜਾ ਕਿ ਵਾਪਸ ਨਹੀਂ ਕੀਤਾ ਜਾ ਰਿਹਾ ਹੈ। ਇਸੇ ਕਾਰਨ ਆਰਬੀਆਈ ਨੇ ਹੁਣ ਬੈਂਕ ਦੇ ਸਾਰੇ 90 ਹਜ਼ਾਰ ਤੋਂ ਵੱਧ ਖਾਤਾਕਾਰਾਂ ਦੀ ਰਾਸ਼ੀ ਬੈਂਕ ਤੋਂ ਕਢਵਾਉਣ ਅਤੇ ਜਮ੍ਹਾ ਕਰਵਾਉਣ 'ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਖ਼ਾਤਾਕਾਰ ਸਿਰਫ਼ 6 ਮਹੀਨੇ ਅੰਦਰ 4000 ਰੁਪਏ ਹੀ ਕਢਵਾ ਸਕਣਗੇ, ਜੋ ਕਿ ਬਹੁਤ ਹੀ ਘੱਟ ਰਕਮ ਹੈ। ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਬੈਂਕ ਕਰਮਚਾਰੀਆਂ ਵੱਲੋਂ ਡਿਫਾਲਟਰਾਂ ਦੇ ਘਰਾਂ ਦੇ ਬਾਹਰ ਵੀ ਧਰਨੇ ਪ੍ਰਦਰਸ਼ਨ ਕੀਤੇ ਗਏ ਪਰ ਫਿਰ ਵੀ ਕਿਸੇ ਡਿਫਾਲਟਰ ਵੱਲੋਂ ਬੈਂਕ ਦੇ ਪੈਸੇ ਜਮ੍ਹਾ ਨਹੀਂ ਕਰਵਾਏ ਗਏ। ਦੱਸਣਯੋਗ ਹੈ ਕਿ ਡਿਫਾਲਟਰਾਂ ਦੇ ਵਿੱਚ ਪਠਾਨਕੋਟ ਦੇ ਕੁਝ ਨਾਮੀ ਹਸਤੀਆਂ ਅਤੇ ਪੂਰਵ ਮੰਤਰੀ ਵੀ ਸ਼ਾਮਲ ਹਨ ਜੋ ਬੈਂਕ ਦੇ ਪੈਸੇ ਵਾਪਸ ਨਹੀਂ ਕਰ ਰਹੇ ਹਨ ਜਿਸ ਕਾਰਨ ਬੈਂਕ ਦੇ ਅੱਜ ਅਜਿਹੇ ਹਾਲਾਤ ਬਣੇ ਹੋਏ ਹਨ।