ਪਠਾਨਕੋਟ: ਜ਼ਿਲ੍ਹੇ ਦਾ ਹਲਕਾ ਸੁਜਾਨਪੁਰ (Sujanpur) ਜਿਸ ਦੀ ਭੂਗੋਲਿਕ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਇਸ ਦੇ ਇੱਕ ਪਾਸੇ ਹਿਮਾਚਲ ਅਤੇ ਦੂਜੇ ਪਾਸੇ ਜੰਮੂ-ਕਸ਼ਮੀਰ ਦੀ ਸਰਹੱਦ ਲੱਗਦੀ ਹੈ ਭਾਰਤ ਦਾ ਸਭ ਤੋਂ ਮਸ਼ਹੂਰ ਡੈਮ ਰਣਜੀਤ ਸਾਗਰ ਡੈਮ ਵੀ ਇਸ ਹਲਕੇ ਦੇ ਵਿੱਚ ਮੌਜੂਦ ਹੈ। ਇਸਦਾ ਅੱਧਾ ਇਲਾਕਾ ਪਹਾੜੀ ਹੈ ਅਤੇ ਜੇ ਗੱਲ ਕਰੀਏ ਸੁਜਾਨਪੁਰ ਹਲਕੇ ਦੀ ਜਨਸੰਖਿਆ ਦੀ ਤਾਂ ਇੱਥੇ ਕਰੀਬ ਦੋ ਲੱਖ ਜਨਸੰਖਿਆ ਮੌਜੂਦ ਹੈ।
ਚੋਣਾਂ ਨੂੰ ਲੈਕੇ ਸੁਜਾਨਪੁਰ ਹਲਕੇ ਦਾ ਸੂਰਤ-ਏ-ਹਾਲ
ਜੇ ਰਾਜਨੀਤਿਕ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਪਿਛਲੀਆਂ ਚਾਰ ਚੋਣਾਂ ਦੇ ਵਿੱਚ ਕਿਸ ਨੂੰ ਕਿੰਨੀਆਂ ਵੋਟਾਂ ਮਿਲਿਆਂ ਅਤੇ ਕੌਣ ਕਦੋਂ ਜੇਤੂ ਰਿਹਾ ਉਸ ਦਾ ਪੂਰਾ ਲੇਖਾ ਜੋਖਾ ਕੁਝ ਇਸ ਤਰ੍ਹਾਂ ਹੈ। ਇਸ ਮੌਕੇ ਭਾਜਪਾ ਦਾ ਸੁਜਾਨਪੁਰ ਹਲਕੇ ‘ਤੇ ਕਬਜ਼ਾ ਹੈ ਅਤੇ ਦਿਨੇਸ਼ ਸਿੰਘ ਬੱਬੂ ਸੁਜਾਨਪੁਰ (Sujanpur) ਹਲਕੇ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਇਕ ਹਨ ਜਿਨ੍ਹਾਂ ਨੇ ਇਸ ਵਾਰ ਹੈਟ੍ਰਿਕ ਬਣਾਈ ਸੀ। 2007 ਤੋਂ ਲੈ ਕੇ 2012 ਅਤੇ 2017 ਲਗਾਤਾਰ ਤਿੰਨ ਵਾਰ ਵਿਧਾਇਕ ਦਿਨੇਸ਼ ਸਿੰਘ ਬੱਬੂ ਭਾਜਪਾ ਵਲੋਂ ਜਿੱਤਦੇ ਆ ਰਹੇ ਹਨ।
ਸੁਜਾਨਪੁਰ ਹਲਕੇ ‘ਤੇ ਭਾਜਪਾ ਦਾ ਹੈ ਕਬਜ਼ਾ
2007 ਤੋਂ ਹੁਣ ਤੱਕ ਸੁਜਾਨਪੁਰ ਉੱਪਰ ਭਾਜਪਾ ਦਾ ਕਬਜ਼ਾ ਹੈ। ਸੰਨ 2002 ਦੇ ਵਿੱਚ ਰਘੂਨਾਥ ਸਹਾਏ ਪੁਰੀ ਜੋਕਿ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਸਨ ਜਿੰਨ੍ਹਾਂ ਨੇ ਸਤਪਾਲ ਸੈਣੀ ਭਾਜਪਾ ਦੇ ਉਮੀਦਵਾਰ ਨੂੰ 18,244 ਵੋਟਾਂ ਨਾਲ ਸੰਨ 2002 ਦੇ ਵਿੱਚ ਹਰਾ ਕੇ ਕਾਂਗਰਸ ਦੀ ਸੀਟ ‘ਤੇ ਜਿੱਤ ਹਾਸਲ ਕੀਤੀ ਸੀ। 2007 ਦੇ ਵਿੱਚ ਸਭ ਤੋਂ ਪਹਿਲਾਂ ਦਿਨੇਸ਼ ਸਿੰਘ ਬੱਬੂ ਨੇ ਕਾਂਗਰਸ ਦੇ ਰਘੂਨਾਥ ਸਹਾਏ ਪੁਰੀ ਨੂੰ ਮਾਤਰ 328 ਵੋਟਾਂ ਨਾਲ ਹਰਾਇਆ ਸੀ ਅਤੇ 2012 ਦੇ ਵਿੱਚ ਬੀਜੇਪੀ ਦੇ ਦਿਨੇਸ਼ ਸਿੰਘ ਬੱਬੂ ਨੇ ਆਜ਼ਾਦ ਉਮੀਦਵਾਰ ਨਰੇਸ਼ ਪੁਰੀ ਨੂੰ 23096 ਵੋਟਾਂ ਨਾਲ ਹਰਾਇਆ। 2017 ਦੇ ਵਿੱਚ ਦਿਨੇਸ਼ ਸਿੰਘ ਬੱਬੂ ਨੇ ਤੀਸਰੀ ਵਾਰ ਕਾਂਗਰਸ ਦੇ ਅਮਿਤ ਸਿੰਘ ਨੂੰ 18700 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ ਅਤੇ ਤਿੰਨ ਵਾਰ ਲਗਾਤਾਰ ਸੁਜਾਨਪੁਰ ਹਲਕੇ ਦੇ ਵਿੱਚ ਵਿਧਾਇਕ ਰਹੇ ਹਨ।
ਹਲਕੇ ਦੇ ਵਿੱਚ 1,64979 ਦੇ ਕਰੀਬ ਵੋਟਰ
ਹਲਕਾ ਸੁਜਾਨਪੁਰ ਦੀ ਮਰਦਸ਼ੁਮਾਰੀ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਕਰੀਬ 1,64979 ਵੋਟਰ ਹਨ ਜਿਨ੍ਹਾਂ ਵਿੱਚੋਂ 87,679 ਪੁਰਸ਼ ਅਤੇ 77,297 ਮਹਿਲਾਵਾਂ ਹਨ ਅਤੇ ਤਿੰਨ ਵੋਟਰ ਹੋਰ (ਕਿੰਨਰ) ਭਾਈਚਾਰੇ ਨਾਲ ਸਬੰਧਿਤ ਹਨ।