ਪਠਾਨਕੋਟ: ਪਿੰਡ ਤਰਗੜ ਦੇ ਇੱਕ ਬਜ਼ੁਰਗ ਕਿਸਾਨ ਭਗਵਾਨ ਦਾਸ ਨੇ ਉਹ ਕਰ ਵਿਖਾਇਆ ਹੈ ਜਿਸ ਨੂੰ ਨੌਜਵਾਨ ਕਿਸਾਨ ਵੀ ਕਰਨਾ ਰਿਸਕ ਸਮਝਦੇ ਹਨ। ਭਗਵਾਨ ਦਾਸ ਨਾਂਅ ਦੇ ਇਸ ਸ਼ਖ਼ਸ ਨੇ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਅਜਿਹੀ ਖੇਤੀ ਸ਼ੁਰੂ ਕੀਤੀ ਹੈ ਜੋ ਨਾ ਸਿਰਫ਼ ਵਿੱਤੀ ਤੌਰ 'ਤੇ ਬਲਕਿ ਸਾਡੀ ਸਿਹਤ ਲਈ ਵੀ ਫਾਇਦੇਮੰਦ ਹੈ। ਭਗਵਾਨ ਦਾਸ ਨੇ ਸਟੀਵੀਆ ਦੀ ਖੇਤੀ ਸ਼ੁਰੂ ਕੀਤੀ ਹੈ। ਸਟੀਵੀਆ ਅਜਿਹੀ ਫ਼ਸਲ ਹੈ ਜੋ ਖੰਡ ਦੀ ਥਾਂ 'ਤੇ ਵਰਤੀ ਜਾਂਦੀ ਹੈ। ਸਟੀਵੀਆ ਦੇ ਬੂਟੇ ਇੱਕ ਵਾਰ ਲਗਾਉਣ ਤੋਂ ਬਾਅਦ ਪੰਜ ਸਾਲ ਤੱਕ ਇਸ ਦਾ ਲਾਭ ਲਿਆ ਜਾ ਸਕਦਾ ਹੈ।
ਖੰਡ ਦੀ ਥਾਂ 'ਤੇ ਵਰਤੇ ਜਾਂਦੇ ਹਨ ਇਸ ਫ਼ਸਲ ਦੇ ਪੱਤੇ, ਵਿੱਤੀ ਫ਼ਾਇਦਾ ਵੱਧ ਤੇ ਲਾਗਤ ਘੱਟ - crops for sugar patients
ਫਸਲੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਪਠਾਨਕੋਟ ਦੇ ਇੱਕ ਬਜ਼ੁਰਗ ਕਿਸਾਨ ਨੇ ਸਟੀਵੀਆ ਦੀ ਖੇਤੀ ਸ਼ੁਰੂ ਕੀਤੀ ਹੈ। ਹੁਣ ਉਹ ਇਸ 'ਚੋਂ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਸਟੀਵੀਆ ਦੇ ਪੱਤੇ ਖੰਡ ਦੀ ਥਾਂ 'ਤੇ ਵਰਤੇ ਜਾਂਦੇ ਹਨ।
ਸਟੀਵੀਆ ਦੇ ਇੱਕ ਕਿਲੋ ਸੁੱਕੇ ਪੱਤੇ 25-30 ਕਿਲੋ ਖੰਡ ਦੇ ਬਰਾਬਰ ਹੁੰਦੇ ਹਨ। ਇਹ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਵਾਂਗ ਹੈ। ਸਾਰੇ ਖ਼ਰਚੇ ਕੱਢ ਕੇ ਸਟੀਵੀਆ ਦੀ ਇੱਕ ਏਕੜ 'ਚੋਂ ਲਗਭਗ ਇੱਕ ਲੱਖ ਰੁਪਏ ਦੀ ਬੱਚਤ ਹੋ ਜਾਂਦੀ ਹੈ। ਇਸ ਫ਼ਸਲ ਲਈ ਰਸਾਇਣਕ ਖਾਦਾਂ ਦੀ ਲੋੜ ਨਹੀਂ ਪੈਂਦੀ ਸਿਰਫ਼ ਜੈਵਿਕ ਖਾਦਾਂ ਨਾਲ ਇਸ ਦੀ ਪੈਦਾਵਾਰ ਕੀਤੀ ਜਾਂਦੀ ਹੈ ਅਤੇ ਹਰ ਸਾਲ ਇਸ ਦੀ ਪੈਦਾਵਾਰ ਵਧਦੀ ਜਾਂਦੀ ਹੈ। ਇੰਨਾਂ ਹੀ ਨਹੀਂ ਸਟੀਵੀਆ ਦੀ ਫਸਲ ਲਈ ਘੱਟ ਪਾਣੀ ਦੀ ਲੋੜ ਪੈਂਦੀ ਹੈ। ਇਹ ਪ੍ਰੋਜੈਕਟ ਲਗਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਭਗਵਾਨ ਦਾਸ ਦਾ ਕਹਿਣਾ ਹੈ ਕਿ ਸਟੀਵੀਆ ਦੀ ਖੇਤੀ ਕਰਨ 'ਚ ਖੇਤੀ ਮਾਹਿਰਾਂ ਨੇ ਵੀ ਉਨ੍ਹਾਂ ਦੀ ਬਹੁਤ ਮਦਦ ਕੀਤੀ। ਇੰਨ੍ਹਾਂ ਹੀ ਨਹੀਂ ਇਸ ਖੇਤੀ ਨਾਲ ਉਨ੍ਹਾਂ ਪਿੰਡ ਦੇ ਲਗਭਗ ਇੱਕ ਦਰਜਨ ਲੋਕਾਂ ਨੂੰ ਵੀ ਰੁਜ਼ਗਾਰ ਦਿੱਤਾ।
ਉੱਥੇ ਹੀ ਲੁਧਿਆਣਾ ਤੋਂ ਐਗਰੀ ਨੈਚੂਰਲ ਇੰਡੀਆ ਦੀ ਟੀਮ ਨੇ ਵੀ ਖੇਤਾਂ ਦੇ ਵਿੱਚ ਜਾ ਕੇ ਫਸਲ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਇਹ ਕਿਸਾਨਾਂ ਲਈ ਬੜੀ ਫਾਇਦੇਮੰਦ ਫਸਲ ਹੈ ਜਿਸ ਦਾ ਮੰਡੀਕਰਨ ਵੀ ਕੰਪਨੀਆਂ ਵੱਲੋਂ ਖੁਦ ਕੀਤਾ ਜਾਂਦਾ ਹੈ।