ਪਠਾਨਕੋਟ: ਲੋਕਾਂ ਨੂੰ ਵੱਡੇ ਸ਼ਹਿਰਾਂ ਦੀ ਤਰਜ਼ 'ਤੇ ਫਲੈਟ ਬਣਾ ਕੇ ਦੇਣ ਦੇ ਲਈ ਸ਼ਹਿਰ ਵਿੱਚ ਇੰਪਰੂਵਮੈਂਟ ਟਰੱਸਟ ਵੱਲੋਂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਦੇ ਕੰਢੇ 2011 ਦੇ ਵਿੱਚ ਇਮਾਰਤ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਇਸ ਲਈ ਲੋਕਾਂ ਨੂੰ ਫਲੈਟ ਬਣਾ ਕੇ ਵੇਚਣ ਦੇ ਲਈ ਪੈਸੇ ਵੀ ਇਕੱਠੇ ਕੀਤੇ ਗਏ ਪਰ ਹੁਣ 10 ਸਾਲ ਬੀਤਣ ਜਾਣ ਤੋਂ ਬਾਅਦ ਵੀ ਇਹ ਇਮਾਰਤ ਤਿਆਰ ਨਹੀਂ ਹੋਈ ਹੈ।
ਲੋਕ ਪੈਸੇ ਖਰਚ ਕੇ ਵੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਅੱਜ ਤੱਕ ਪਠਾਨਕੋਟ ਵਾਸੀਆਂ ਨੂੰ ਆਪਣੇ ਫਲੈਟ ਦੀਆਂ ਚਾਬੀਆਂ ਇੰਪਰੂਵਮੈਂਟ ਟਰੱਸਟ ਵੱਲੋਂ ਨਹੀਂ ਦਿੱਤੀਆਂ ਗਈਆਂ। ਇਸ ਕਾਰਨ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪਠਾਨਕੋਟ ਇੰਪਰੂਵਮੈਂਟ ਟਰੱਸਟ ਅੱਗੇ ਗੁਹਾਰ ਲਗਾਈ ਹੈ ਕਿ ਇਸ ਇਮਾਰਤ ਨੂੰ ਤਿਆਰ ਕਰਕੇ ਜਲਦ ਤੋਂ ਜਲਦ ਲੋਕਾਂ ਨੂੰ ਉਨ੍ਹਾਂ ਦੇ ਫਲੈਟ ਦੀਆਂ ਚਾਬੀਆਂ ਸੌਂਪੀਆਂ ਜਾਣ।