ਮੋਗਾ: ਜ਼ਿਲ੍ਹੇ ਦੇ ਪਿੰਡ ਮੰਗੇਵਾਲਾ ਨਿਵਾਸੀ 21 ਸਾਲਾ ਨੌਜਵਾਨ ਦੀ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਮੋਗਾ ਵਿੱਚ ਜਾਣਕਾਰੀ ਦਿੰਦੇ ਮ੍ਰਿਤਕ ਨੌਜਵਾਨ ਚਮਕੌਰ ਸਿੰਘ ਦੇ ਭਰਾ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਲੜਕੀ ਨਾਲ ਪਿਛਲੇ ਕਰੀਬ ਛੇ ਸਾਲ ਤੋਂ ਉਸ ਦਾ ਭਰਾ ਚਮਕੌਰ ਸਿੰਘ ਪ੍ਰੇਮ ਸਬੰਧ ਸੀ।
ਪਿਆਰ ਵਿੱਚ ਅੰਨ੍ਹੇ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਉਸ ਨੇ ਦੱਸਿਆ ਕਿ ਚਮਕੌਰ ਅਤੇ ਲੜਕੀ ਦੋਵੇਂ ਇੱਕ ਦੂਸਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਵਿਆਹ ਲਈ ਲੜਕਾ ਅਤੇ ਲੜਕੀ ਦਾ ਪਰਿਵਾਰ ਸਹਿਮਤ ਨਹੀਂ ਸੀ। ਜਸਬੀਰ ਸਿੰਘ ਦੇ ਮੁਤਾਬਕ 27 ਅਕਤੂਬਰ ਦੀ ਰਾਤ ਨੂੰ ਉਸ ਦਾ ਭਰਾ ਚਮਕੌਰ ਸਿੰਘ ਆਪਣੇ ਘਰ ਦੀ ਛੱਤ ਉੱਤੇ ਸੌਂ ਰਿਹਾ ਸੀ ਤਾਂ ਇਸ ਦੌਰਾਨ ਉਕਤ ਲੜਕੀ ਉਨ੍ਹਾਂ ਦੇ ਘਰ ਕੋਲ ਆਈ ਅਤੇ ਗਲੀ ਵਿੱਚੋਂ ਖੜ੍ਹ ਕੇ ਉਸਦੇ ਭਰਾ ਚਮਕੌਰ ਸਿੰਘ ਨੂੰ ਛੱਤ ਉੱਪਰ ਜ਼ਹਿਰੀਲੀ ਦਵਾਈ ਦੀ ਬੋਤਲ ਸੁੱਟ ਦਿੱਤੀ। ਲੜਕੀ ਨੇ ਚਮਕੌਰ ਨੂੰ ਕਿਹਾ ਕਿ ਉਹ ਅੱਧੀ ਬੋਤਲ ਦਵਾਈ ਦੀ ਪੀ ਕੇ ਬਾਕੀ ਦੀ ਉਸ ਨੂੰ ਦੇ ਦੇਵੇ ਜਿਸ ਦੇ ਚਲਦੇ ਉਹ ਦੋਵੇਂ ਖ਼ੁਦਕੁਸ਼ੀ ਕਰ ਲੈਣਗੇ।
ਲੜਕੀ ਦੇ ਝਾਂਸੇ ਵਿੱਚ ਆ ਕੇ ਚਮਕੌਰ ਸਿੰਘ ਨੇ ਅੱਧੀ ਦਵਾਈ ਦੀ ਬੋਤਲ ਪੀ ਲਈ ਅਤੇ ਬਾਕੀ ਬੋਤਲ ਲੜਕੀ ਦੇ ਵੱਲ ਗਲੀ ਵਿੱਚ ਸੁੱਟ ਦਿੱਤੀ। ਪਰ ਆਪ ਦਵਾਈ ਪੀਣ ਦੀ ਬਜਾਏ ਲੜਕੀ ਆਪਣੇ ਨਾਲ ਜ਼ਹਿਰੀਲੀ ਦਵਾਈ ਦੀ ਬੋਤਲ ਵਾਪਸ ਘਰ ਲੈ ਕੇ ਚਲੀ ਗਈ। ਜ਼ਹਿਰੀਲੀ ਦਵਾਈ ਪੀਣ ਨਾਲ ਚਮਕੌਰ ਸਿੰਘ ਦੀ ਹਾਲਤ ਵਿਗੜਨੀ ਸ਼ੁਰੂ ਹੋਈ ਤਾਂ ਉਸ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਰਿਵਾਰ ਵੱਲੋਂ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਇਲਾਜ ਦੌਰਾਨ ਬੀਤੀ ਸ਼ਾਮ ਮੌਤ ਹੋ ਗਈ।
ਚਮਕੌਰ ਦੀ ਮੌਤ ਹੋਣ ਤੋਂ ਬਾਅਦ ਹੀ ਲੜਕੀ ਅਤੇ ਉਸ ਦਾ ਪੂਰਾ ਪਰਿਵਾਰ ਘਰੋਂ ਫਰਾਰ ਹੋ ਗਏ ਹਨ। ਉਥੇ ਹੀ ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਘਟਣਾ ਸਬੰਧੀ ਥਾਣਾ ਸਦਰ ਦੇ ਏਐਸਆਈ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਚਮਕੌਰ ਸਿੰਘ ਦੇ ਪਿਤਾ ਪਰਗਟ ਸਿੰਘ ਦੇ ਬਿਆਨ ਉੱਤੇ ਫਿਲਹਾਲ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਥੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਲੜਕੀ ਅਤੇ ਉਸ ਦੇ ਪਰਿਵਾਰ ਤੇ ਲਗਾਏ ਗਏ ਆਰੋਪਾਂ ਦੀ ਜਾਂਚ ਕੀਤੀ ਜਾ ਰਹੀ ਹੈ ।