ਮਨਰੇਗਾ ਮਜ਼ਦੂਰਾਂ ਨੇ ਘਪਲੇਬਾਜ਼ੀ ਕਰਨ ਦੇ ਲਗਾਏ ਇਲਜ਼ਾਮ ਮੋਗਾ:ਮਨਰੇਗਾ ਦਾ ਮੁੱਖ ਮਕਸਦ ਹਰੇਕ ਘਰ ਦੇ ਘੱਟੋਂ-ਘੱਟ ਇੱਕ ਮੈਂਬਰ ਨੂੰ ਵਿੱਤੀ ਸਾਲ ਵਿੱਚ ਘੱਟੋਂ-ਘੱਟ 100 ਦਿਨਾਂ ਦਾ ਰੁਜ਼ਗਾਰ ਮੁਹੱਈਆਂ ਕਰਵਾਉਣਾ ਹੈ, ਪਰ ਇਸ ਸਕੀਮ ਵਿੱਚ ਵੱਡੇ ਪੱਧਰ ਉੱਤੇ ਘਪਲੇਬਾਜ਼ੀਆਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਮੋਗਾ ਦੇ ਪਿੰਡ ਤਲਵੰਡੀ ਭੂੰਗੇਰੀਆ ਤੋਂ ਆਇਆ, ਜਿੱਥੇ ਮਨਰੇਗਾ ਤਹਿਤ ਕਰਵਾਏ ਕੰਮ ਦੀਆਂ ਲਗਾਈਆਂ ਹਾਜ਼ਰੀਆਂ 'ਚ ਲੱਖਾਂ ਰੁਪਏ ਦੀ ਵੱਡੀ ਘਪਲੇਬਾਜ਼ੀ ਸਾਹਮਣੇ ਆਈ ਹੈ। ਇਸ ਮੌਕੇ ਮਨਰੇਗਾ ਮਜ਼ਦੂਰਾਂ ਨੇ ਮਨਰੇਗਾ ਮੇਟ ਅਤੇ ਪਿੰਡ ਦੇ ਸਰਪੰਚ ਉੱਤੇ ਹਾਜ਼ਰੀਆਂ ਵਿੱਚ ਘਪਲੇਬਾਜ਼ੀ ਕਰਨ ਦੇ ਇਲਜ਼ਾਮ ਲਗਾਏ ਹਨ।
ਮਨਰੇਗਾ ਮਜ਼ਦੂਰਾਂ ਨੇ ਲਗਾਏ ਇਲਜ਼ਾਮ: ਮਨਰੇਗਾ ਮਜ਼ਦੂਰਾਂ ਨੇ ਮਨਰੇਗਾ ਮੇਟ ਤੇ ਪਿੰਡ ਦੇ ਸਰਪੰਚ ਉੱਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਮਨਰੇਗਾ ਮੇਟ ਤੇ ਪਿੰਡ ਦੇ ਸਰਪੰਚ ਨੇ ਪਿੰਡ ਦੇ ਇੱਕ ਮੌਜੂਦਾ ਪੰਚਾਇਤ ਮੈਂਬਰ ਦੀ ਜਾਅਲੀ ਹਾਜ਼ਰੀ ਭਰੀ ਹੈ ਜੋ ਕਿ ਐਫਸੀਆਈ ਵਿੱਚ ਕੰਮ ਕਰਦਾ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਪੀਰ ਦੀ ਗੱਦੀ ਲਾਉਣ ਵਾਲੀ ਜਸਬੀਰ ਕੌਰ ਮਹਿਲਾ ਦੀਆਂ ਵੀ ਜਾਅਲੀ ਹਾਜ਼ਰੀਆਂ ਲਗਾਈਆਂ ਗਈਆਂ ਹਨ। ਉੱਧਰ ਜਦੋਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਮਨਰੇਗਾ ਦਾ ਕੰਮ ਸਹੀ ਤਰੀਕੇ ਨਾਲ ਹੋਇਆ ਹੈ, ਪਰ ਉਨ੍ਹਾਂ ਕੈਮਰੇ ਅੱਗੇ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ।
ਪਿੰਡ ਵਾਸੀ ਨੇ ਵੀ ਕੀਤੀ ਸ਼ਿਕਾਇਤ: ਇਸ ਮਾਮਲੇ ਸਬੰਧੀ ਏਡੀਸੀ ਵਿਕਾਸ ਨੂੰ ਸ਼ਿਕਾਇਤ ਪੱਤਰ ਦੇਣ ਆਏ ਪਿੰਡ ਤਲਵੰਡੀ ਭਿੰਗੇਰੀਆਂ ਦੇ ਰਹਿਣ ਵਾਲੇ ਹਰਦੀਪ ਸਿੰਘ ਖੇਲਾ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਮਨਰੇਗਾ ਤਹਿਤ 10 ਤੋਂ 15 ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਇੱਕ ਦਿਨ ਵੀ ਮਨਰੇਗਾ ਤਹਿਤ ਕੰਮ ਨਹੀਂ ਕੀਤਾ, ਪਰ ਲੱਖਾਂ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਪਾਏ ਗਏ, ਕਿਉਂਕਿ ਉਹਨਾਂ ਦੀ ਹਾਜ਼ਰੀਆਂ ਜਾਅਲੀ ਲੱਗਦੀਆਂ ਸਨ।
ਹਰਦੀਪ ਸਿੰਘ ਖੇਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਤੇ ਜੇਕਰ ਉਹਨਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਅਦਾਲਤ ਦਾ ਵੀ ਦਰਵਾਜ਼ਾ ਖੜਕਾਉਣ ਤੋਂ ਪਿੱਛੇ ਨਹੀਂ ਹਟਣਗੇ। ਉਹਨਾਂ ਦੱਸਿਆ ਕਿ ਪਿੰਡ ਵਿੱਚ ਐਸ.ਸੀ ਭਾਈਚਾਰੇ ਦੇ ਲੋਕਾਂ ਦੇ ਘਰਾਂ ਦੇ ਨਾਲ ਲੱਗਦੇ ਛੱਪੜ ਦੇ ਹਾਲਾਤ ਇੰਨੇ ਮਾੜੇ ਹਨ ਕਿ ਘਰਾਂ ਵਾਲੇ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਪਿਆ ਹੈ, ਪਰ ਪੰਚਾਇਤ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਛੱਪੜ ਦੀ ਸਫਾਈ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਹੈ।
ਏਡੀਸੀ ਨੇ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ:ਇਸ ਮਾਮਲੇ ਸਬੰਧੀ ਏਡੀਸੀ ਮੈਡਮ ਅਨੀਤਾ ਦਰਸ਼ੀ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਮੈਨੂੰ ਪਿੰਡ ਤਲਵੰਡੀ ਭੰਗੇਰੀਆਂ ਦੇ ਕੁੱਝ ਵਿਅਕਤੀਆਂ ਨੇ ਮਨਰੇਗਾ ਵਿੱਚ ਲਗਾਈਆਂ ਗਲਤ ਹਾਜ਼ਰੀਆਂ ਸਬੰਧੀ ਲਿਖਤੀ ਦਰਖਾਸਤ ਦਿੱਤੀ ਹੈ। ਇਸ ਸਬੰਧ ਵਿੱਚ ਮੈਂ 11 ਤਰੀਕ ਨੂੰ ਪਿੰਡ ਦੀ ਪੰਚਾਇਤ ਅਤੇ ਮਨਰੇਗਾ ਮੇਟ ਤੋਂ ਇਲਾਵਾ ਮਨਰੇਗਾ ਅਧਿਕਾਰੀਆਂ ਨੂੰ ਵੀ ਦਫ਼ਤਰ ਵਿੱਚ ਤਲਬ ਕੀਤਾ ਹੈ, ਜੋ ਗ਼ਲਤ ਪਾਇਆ ਗਿਆ ਉਸ ਉੱਤੇ ਸਖ਼ਤ ਕਾਰਵਾਈ ਹੋਵੇਗੀ।
ਮਨਰੇਗਾ ਮੇਟ ਨੇ ਕਬੂਲੇ ਇਲਜ਼ਾਮ:ਮਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਹਾਜ਼ਰੀ ਲਗਾਉਣ ਵਾਲੀ ਮੇਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੈਮਰੇ ਅੱਗੇ ਖੁਦ ਮੰਨਿਆ ਕਿ ਹਾਜ਼ਰੀਆਂ ਜ਼ਰੂਰ ਲਗਾਈਆ ਗਈਆਂ ਹਨ, ਪਰ ਉਹ ਹਾਜ਼ਰੀਆਂ ਸਰਪੰਚ ਵੱਲੋਂ ਧੱਕੇ ਨਾਲ ਲਗਵਾਈਆਂ ਜਾਂਦੀਆਂ ਸਨ। ਜੇਕਰ ਮੈਂ ਹਾਜ਼ਰੀਆਂ ਨਹੀਂ ਲਵਾਉਂਦੀ ਸੀ ਤਾਂ ਮੈਨੂੰ ਮੇਟ ਤੋਂ ਲਾਹੁਣ ਦੀ ਧਮਕੀ ਦੇ ਦਿੱਤੀ ਜਾਂਦੀ ਸੀ, ਇੱਕ ਵਾਰ ਕੰਮ ਤੋਂ ਹਟਾ ਵੀ ਦਿੱਤਾ ਗਿਆ ਸੀ। ਉਨ੍ਹਾਂ ਇਹ ਵੀ ਮੰਨਿਆ ਕਿ ਇੱਕ ਮੌਜੂਦਾ ਪੰਚਾਇਤ ਮੈਂਬਰ ਜੋ ਐਫਸੀਆਈ ਵਿੱਚ ਡਿਊਟੀ ਕਰਦਾ ਹੈ। ਉਸ ਦੀਆਂ ਤੇ ਕਈ ਹੋਰ ਮਜ਼ਦੂਰਾਂ ਦੀਆਂ ਦਿਹਾੜੀਆਂ ਲਗਵਾਈਆਂ ਗਈਆਂ ਹਨ, ਜਿਸ ਦਾ ਜਿੰਮੇਵਾਰ ਪਿੰਡ ਦਾ ਸਰਪੰਚ ਹੀ ਹੈ।