ਮੋਗਾ: ਭ੍ਰਿਸ਼ਟਾਚਾਰ ਨੂੰ ਲੈਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਖ਼ਤ ਵਿਖਾਈ ਦੇ ਰਹੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮਾਨ ਸਰਕਾਰ ਵੱਲੋਂ ਪਿਛਲੇ ਦਿਨੀਂ ਆਪਣੀ ਕੈਬਨਿਟ ਦਾ ਮੰਤਰੀ ਵਿਜੇ ਸਿੰਗਲਾ ਨੂੰ ਬਾਹਰ ਦਾ ਰਸਤਾ ਦਿਖਾਉਂਦਿਆਂ ਉਸ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਹੈ। ਉੱਥੇ ਹੀ ਪੰਜਾਬ ਦੇ ਲੋਕ ਵੀ ਭ੍ਰਿਸ਼ਟਾਚਾਰ ਨੂੰ ਲੈਕੇ ਚੌਕਸ ਵਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਮੀਟਰ ਰੀਡਰ ਨੂੰ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਗਏ ਸ਼ਖ਼ਸ ਵੱਲੋਂ ਮੀਟਰ ਨੂੰ ਲੈਕੇ 1000 ਰੁਪਏ ਦੀ ਰਿਸ਼ਵਤ ਲਈ ਗਈ ਸੀ ਜਿਸਨੂੰ ਲੋਕਾਂ ਨੇ ਮੌਕੇ ਉੱਪਰ ਕਾਬੂ ਕਰ ਲਿਆ।
ਇਸ ਪੂਰੇ ਮਾਮਲੇ ਦੀ ਲੋਕਾਂ ਵੱਲੋਂ ਵੀਡੀਓ ਬਣਾਈ ਗਈ ਹੈ। ਇਹ ਵੀਡੀਓ ਮੋਗਾ ਦੇ ਪਿੰਡ ਚੂਹੜਚੱਕ ਦੀ ਦੱਸੀ ਜਾ ਰਹੀ ਹੈ। ਜਦੋਂ ਲੋਕਾਂ ਵੱਲੋਂ ਮੀਟਰ ਰੀਡਰ ਤੋਂ ਪੈਸੇ ਵਾਪਿਸ ਲੈਣ ਦੀ ਮੰਗ ਕੀਤੀ ਗਈ ਤਾਂ ਉਸ ਨੇ ਮੌਕੇ ਦੇਖ ਕੇ ਪੈਸੇ ਮੂੰਹ ਵਿੱਚ ਪਾ ਕੇ ਚੱਬਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਲੋਕਾਂ ਨੇ ਉਸ ਉਪਰ ਦਬਾਅ ਬਣਾ ਕੇ ਪੈਸੇ ਬਾਹਰ ਕਢਵਾ ਲਏ।