ਮੋਗਾ: ਅਨਲੌਕ ਸ਼ੁਰੂ ਹੋਣ ਤੋਂ ਬਾਅਦ ਧਰਮਕੋਟ ਸ਼ਹਿਰ 'ਚ ਅਪਰਾਧਕ ਘਟਨਾਵਾਂ ਵੱਧ ਗਈਆਂ ਹਨ। ਸ਼ਹਿਰ 'ਚ ਅਣਪਛਾਤੇ ਹਮਲਾਵਰਾਂ ਨੇ ਇੱਕ ਦੁਕਾਨਦਾਰ ਉੱਤੇ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ 'ਚ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਧਰਮਕੋਟ ਵਿਖੇ ਦਿਨ-ਦਿਹਾੜੇ ਕੁੱਝ ਅਣਪਛਾਤੇ ਨੌਜਵਾਨ ਇੱਕ ਟ੍ਰੈਵਲ ਏਜੰਟ ਦੀ ਦੁਕਾਨ 'ਚ ਦਾਖਲ ਹੋ ਗਏ। ਇਹ ਨੌਜਵਾਨ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਸਨ। ਉਕਤ ਨੌਜਵਾਨਾਂ ਨੇ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਤੇ ਉਸ ਤੋਂ ਲੁੱਟ-ਖੋਹ ਵੀ ਕੀਤੀ ਤੇ ਉਥੋਂ ਫਰਾਰ ਹੋ ਗਏ। ਇਸ ਹਮਲੇ 'ਚ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ।
ਹਥਿਆਰਬੰਦ ਹਮਲਾਵਰਾਂ ਨੇ ਦੁਕਾਨਦਾਰ 'ਤੇ ਕੀਤਾ ਜਾਨਲੇਵਾ ਹਮਲਾ ਸਥਾਨਕ ਲੋਕਾਂ ਨੇ ਦੱਸਿਆ ਕਿ ਪੀੜਤ ਦੁਕਾਨਦਾਰ ਦੇ ਸੀਸੀਟੀਵੀ 'ਚ ਇਹ ਘਟਨਾ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ ਮੁਤਾਬਕ ਚਾਰ ਹਥਿਆਰਬੰਦ ਲੋਕ ਦੁਕਾਨ 'ਚ ਦਾਖਲ ਹੋਏ ਤੇ ਉਨ੍ਹਾਂ ਦੁਕਾਨਦਾਰ ਨਾਲ ਕੁੱਟਮਾਰ ਕੀਤੀ। ਉਨ੍ਹਾਂ ਆਖਿਆ ਕਿ ਚਾਰਾਂ ਹਥਿਆਰਬੰਦ ਹਮਲਾਵਰਾਂ ਦੇ ਮੂੰਹ ਢੱਕੇ ਹੋਏ ਸਨ ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।
ਦੁਕਾਨਦਾਰ ਤੇ ਸਥਾਨਕ ਲੋਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਡੀਐੱਸਪੀ ਸੁਬੇਗ ਸਿੰਘ ਤੇ ਐੱਸਐੱਚਓ ਬਲਰਾਜ ਮੋਹਨ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਮੀਡੀਆ ਅੱਗੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜ਼ਖਮੀ ਦੁਕਾਨਦਾਰ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਦੱਸਣਯੋਗ ਹੈ ਕਿ ਮੋਗਾ ਸ਼ਹਿਰ 'ਚ ਇਨ੍ਹਾਂ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਕੀਤੀ ਗਈ ਇਹ ਤੀਜੀ ਵਾਰਦਾਤ ਹੈ। ਇਸ ਤੋਂ ਪਹਿਲਾ ਵੀ ਇੱਕ ਨੌਜਵਾਨ ਉੱਤੇ ਵੀ ਹਥਿਆਰਬੰਦ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਕਪੜਾ ਵਪਾਰੀ ਦਾ ਉਸ ਦੀ ਦੁਕਾਨ 'ਚ ਵੜ ਕੇ ਕਤਲ ਕਰ ਦਿੱਤਾ ਗਿਆ ਸੀ।