ਮੋਗਾ: ਜ਼ਿਲ੍ਹਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਲੁਧਿਆਣਾ ਦੇ ਹੋਟਲ ਮਾਲਕ ਦੇ ਬੱਚੇ ਨੂੰ ਅਗ਼ਵਾ ਕਰਨ ਵਾਲੇ ਮਾਸਟਰਮਾਈਂਡ ਡਰਾਈਵਰ ਅਤੇ ਉਸਦੇ ਸਾਥੀ ਨੂੰ ਪਿੰਡ ਜੋਗੇਵਾਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਥੇ ਜਾਣਕਾਰੀ ਦਿੰਦੇ ਐਸਐਸਪੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮਾਸਟਰਮਾਈਂਡ ਡਰਾਈਵਰ ਹਰਜਿੰਦਰਪਾਲ ਸਿੰਘ ਅਤੇ ਉਸ ਦਾ ਸਾਥੀ ਸੁਖਦੇਵ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਅਰਨੀਵਾਲਾ ਵਿੱਚੋਂ ਭੱਜਣ ਦੀ ਫ਼ਿਰਾਕ ਵਿੱਚ ਸਨ। ਸ਼ੁੱਕਰਵਾਰ ਸਵੇਰੇ ਦੋਵਾਂ ਦੋਸ਼ੀਆਂ ਨੂੰ ਪਿੰਡ ਜੋਗੇ ਵਾਲਾ ਦੇ ਕੋਲ ਬੱਸ ਸਟੈਂਡ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ।
ਲੁਧਿਆਣਾ ਦੇ ਹੋਟਲ ਮਾਲਕ ਦਾ ਬੱਚਾ ਅਗ਼ਵਾ ਕਰਨ ਦੇ ਮਾਮਲੇ 'ਚ ਦੋ ਮੁਲਜ਼ਮ ਕਾਬੂ ਪਹਿਲਾਂ ਹੋਟਲ ਮਾਲਕ ਨੂੰ ਗ੍ਰਿਫ਼ਤਾਰ ਕਰਨ ਦੀ ਸੀ ਪਲਾਨਿੰਗ
ਐਸਐਸਪੀ ਨੇ ਦੱਸਿਆ ਕਿ ਇਸ ਅਗ਼ਵਾ ਮਾਮਲੇ ਵਿੱਚ ਇਸ ਗਿਰੋਹ ਦੇ ਪੰਜ ਮੈਂਬਰ ਹਨ। ਮੁਲਜ਼ਮ ਹਰਜਿੰਦਰਪਾਲ ਸਿੰਘ ਅਤੇ ਉਸਦੇ ਸਾਥੀ ਸੁਖਦੇਵ ਸਿੰਘ ਤੋਂ ਇਲਾਵਾ ਲੁਧਿਆਣਾ ਪੁਲਿਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤੀਜੇ ਦੋਸ਼ੀ ਸਾਬਕਾ ਸਰਪੰਚ ਰਛਪਾਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਕਰੀਬ ਛੇ ਮਹੀਨੇ ਪਹਿਲਾਂ ਤੋਂ ਹੀ ਉਹ ਹੋਟਲ ਕਾਰੋਬਾਰੀ ਪੰਕਜ ਗੁਪਤਾ ਨੂੰ ਅਗ਼ਵਾ ਕਰਨ ਦੀ ਫ਼ਿਰਾਕ ਵਿੱਚ ਸਨ ਲੇਕਿਨ ਮੌਕਾ ਨਾ ਮਿਲਣ 'ਤੇ ਉਨ੍ਹਾਂ ਨੇ ਪੰਕਜ ਗੁਪਤਾ ਦੇ ਢਾਈ ਸਾਲ ਦੇ ਬੱਚੇ ਵਿਨਰਮ ਗੁਪਤਾ ਨੂੰ ਅਗ਼ਵਾ ਕਰ ਲਿਆ। ਕੇਸ ਵਿੱਚ ਨਾਮਜ਼ਦ ਸਾਰੇ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਜਿਵੇਂ ਕਿ ਡਕੈਤੀ ਧੋਖਾਧੜੀ ਅਤੇ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਹੋ ਚੁਕੇ ਹਨ।
ਦੋਸ਼ੀਆਂ ਨੂੰ ਭਲਕੇ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼: ਐਸਐਸਪੀ
ਐਸਐਸਪੀ ਮੋਗਾ ਹਰਮਨਬੀਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੇ ਦਿਨ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਰਜ ਕੀਤੀ ਗਈ ਅਤੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਸਾਰੇ ਦੋਸ਼ੀ ਮੋਗਾ ਜ਼ਿਲ੍ਹੇ ਤੋਂ ਬਾਹਰ ਭੱਜਣ ਦੀ ਫ਼ਿਰਾਕ ਵਿੱਚ ਸਨ ਪਰ ਪੁਲਿਸ ਨੇ ਮੁਖਬਰ ਦੀ ਸੂਚਨਾ 'ਤੇ ਉਨ੍ਹਾਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ।