ਮੋਗਾ ਬੱਸ ਸਟੈਂਡ 'ਚ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਮੁਲਜ਼ਮ ਕਾਬੂ,ਵਾਰਦਾਤ ਕਰਨ ਲਈ ਵਿਦੇਸ਼ ਤੋਂ ਮਿਲੇ ਸਨ ਪੈਸੇ ਮੋਗਾ :ਪੰਜਾਬ ਵਿਚ ਲਗਾਤਾਰ ਖਾਲਿਸਤਾਨੀ ਸਮਰਥਕਾਂ ਵੱਲੋਂ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਨਾਲ ਮਾਹੌਲ ਤਣਾਅ ਪੂਰਨ ਹੋਵੇ। ਪਰ ਪੁਲਿਸ ਦੀ ਸਖਤੀ ਦੇ ਚਲਦਿਆਂ ਅਜਿਹੇ ਅਨਸਰਾਂ ਉੱਤੇ ਜਲਦੀ ਹੀ ਠੱਲ੍ਹ ਵੀ ਪਾ ਲਈ ਜਾਂਦੀ ਹੈ। ਇਸੇ ਤਹਿਤ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦਰਅਸਲ ਬੀਤੇ ਦਿਨੀਂ ਮੋਗਾ ਬੱਸ ਸਟੈਂਡ ਦੇ ਟਿਕਟ ਕਾਊਂਟਰ ਉੱਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ ਅਤੇ ਹੁਣ ਮੋਗਾ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਿੰਨਾ ਨੇ ਕੁਝ ਪੈਸਿਆਂ ਦੀ ਖਾਤਿਰ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
ਟਿਕਟ ਕਾਊਂਟਰ ਉੱਤੇ ਜੋ ਸਲੋਗਨ ਲਿਖੇ ਸਨ:ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਜੇ.ਇਲਨਚੇਲੀਅਨ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪਿਛਲੇ ਦਿਨੀ ਦਰਮਿਆਨੀ ਰਾਤ ਨੂੰ ਕੁਝ ਨਾਮਲੂਮ ਵਿਅਕਤੀਆ ਵੱਲੋਂ ਬਸ ਸਟੈਂਡ ਮੋਗਾ ਦੇ ਬਾਥਰੂਮ ਵਾਲੀ ਕੰਧ ਅਤੇ ਟਿਕਟ ਕਾਊਂਟਰ ਉੱਤੇ ਜੋ ਸਲੋਗਨ ਲਿਖੇ ਸਨ ਉਸ ਮੁਕੱਦਮਾ 'ਚ ਦਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਚੂਹੜਚੱਕ ਅਤੇ ਪ੍ਰਿਤਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਘੋਲੀਆਂ ਖੁਰਦ ਜ਼ਿਲ੍ਹਾ ਮੋਗਾ ਦੀ ਪਹਿਚਾਣ ਕਰਕੇ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ। ਇਹਨਾਂ ਨੌਜਵਾਨਾਂ ਨੂੰ ਹੁਣ ਰਿਮਾਂਡ ਉੱਤੇ ਲੈਕੇ ਪੁੱਛਗਿੱਛ ਵੀ ਕੀਤੀ ਜਾਵੇਗੀ।
ਕੁਝ ਦਿਨ ਪਹਿਲਾਂ ਹੀ ਵਿਦੇਸ਼ੀ ਨੰਬਰ ਤੋਂ ਨੌਜਵਾਨਾਂ ਨੇ ਗੱਲ ਕੀਤੀ ਸੀ : ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀ ਖਾਲਿਸਤਾਨ ਪੱਖੀ ਵਿਦੇਸ਼ੀ ਤਾਕਤਾ ਦੇ ਸੰਪਰਕ ਵਿਚ ਹਨ ਅਤੇ ਦੋਸ਼ੀ ਭਵਿੱਖ ਵਿੱਚ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰ ਸਕਦੇ ਸਨ। ਮੁਕੱਦਮੇ ਵਿੱਚ ਇਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਦਿਆਂ ਪੜਤਾਲ ਵਿਚ ਸਾਹਮਣੇ ਆਇਆ ਕਿ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਹੀ ਕਿਸੇ ਵਿਦੇਸ਼ੀ ਨੰਬਰ ਤੋਂ ਇਹਨਾਂ ਨੌਜਵਾਨਾਂ ਨੇ ਗੱਲ ਕੀਤੀ ਸੀ ਅਤੇ 80 ਹਜ਼ਾਰ ਰੁਪਏ ਦੇ ਲਾਲਚ ਵਿਚ ਇਹਨਾਂ ਨੇ ਇਸ ਘਟਨਾਂ ਨੂੰ ਅੰਜਾਮ ਦਿੱਤਾ।
ਮੋਗਾ ਬੱਸ ਸਟੈਂਡ 'ਚ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਮੁਲਜ਼ਮ ਕਾਬੂ,ਵਾਰਦਾਤ ਕਰਨ ਲਈ ਵਿਦੇਸ਼ ਤੋਂ ਮਿਲੇ ਸਨ ਪੈਸੇ ਐਸ ਐਸ ਪੀ ਮੋਗਾ ਵੱਲੋ ਸਿਟੀ ਮੋਗਾ ਦੀਆ ਵੱਖ-ਵੱਖ ਟੀਮਾਂ ਬਣਾਈਆ ਗਈਆਂ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਦੋਸ਼ੀ ਦਲਜੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਨੂੰ ਫੜਨ ਇਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਜੋ ਤਫਤੀਸ਼ ਨੂੰ ਵਿਗਿਆਨਕ ਢੰਗ ਨਾਲ ਕਰਦੇ ਹੋਏ ਨਾਂਦੇੜ ਸਾਹਿਬ, ਮਹਾਰਾਸ਼ਟਰ ਤੋਂ ਇਹਨਾਂ ਨੂੰ ਕਾਬੂ ਕਰ ਕੇ ਲਿਆਈ ਹੈ। ਫਿਲਹਾਲ ਦਲਜੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ 03 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਦੋਸ਼ੀਆਂ ਪਾਸੋ ਪੁੱਛ ਗਿੱਛ ਜਾਰੀ ਹੈ। ਇਹ ਕੰਮ ਗੁਰਪਤਵੰਤ ਸਿੰਘ ਪੰਨੂ ਜੋ ਵਿਦੇਸ਼ ਵਿੱਚ ਹੈ, ਉਸ ਵੱਲੋਂ ਕਰਵਾਇਆ ਹੋ ਸਕਦਾ ਹੈ ਜਿਸ ਸਬੰਧੀ ਤਫਤੀਸ਼ ਅਮਲ ਵਿੱਚ ਲਿਆਉਂਦੀ ਜਾ ਰਹੀ ਹੈ।