ਲੜਾਈ ਸਬੰਧੀ ਜਾਣਕਾਰੀ ਦਿੰਦੇ ਪੀੜਤ ਤੇ ਪੁਲਿਸ ਮੋਗਾ:ਪੰਜਾਬ 'ਚ ਗੋਲੀ ਚੱਲਣ ਦੀ ਖ਼ਬਰ ਹੁਣ ਆਮ ਹੁੰਦੀ ਜਾ ਰਹੀ ਹੈ। ਬੀਤੀ ਦੇਰ ਰਾਤ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਪੱਤੋ ਹੀਰਾ ਸਿੰਘ 'ਚ ਕਿਸੇ ਗੱਲ ਨੂੰ ਲੈ ਕੇ ਦੋ ਧੜਿਆਂ 'ਚ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਇਕ ਧਿਰ ਨੇ ਦੂਜੇ 'ਤੇ ਗੋਲੀਆਂ ਵੀ ਚਲਾ ਦਿੱਤੀਆਂ, ਜਿਸ 'ਚ ਤਿੰਨ ਵਿਅਕਤੀ ਜ਼ਖਮੀ ਹੋ ਗਏ।
ਦੋ ਨੌਜਵਾਨਾਂ ਨੂੰ ਗੋਲੀ ਲੱਗਣ ਦੀ ਖ਼ਬਰ:ਇਸ ਘਟਨਾ 'ਚ ਦੋ ਨੌਜਵਾਨਾਂ ਨੂੰ ਗੋਲੀ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਦੋਵਾਂ ਨੂੰ ਨਿੱਜੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਵਾਰਦਾਤ ਵਿੱਚ ਇੱਕ ਨੌਜਵਾਨ ਦੀ ਪਿੱਠ ਵਿੱਚ ਅਤੇ ਦੂਜੇ ਦੀ ਬਾਂਹ ਵਿੱਚ ਗੋਲੀ ਲੱਗੀ ਹੈ। ਉਥੇ ਹੀ ਤੀਜਾ ਜ਼ਖ਼ਮੀ ਨੌਜਵਾਨ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ।
ਦੁੱਧ ਵੇਚ ਕੇ ਵਾਪਸ ਆ ਰਹੇ ਸੀ ਦੋ ਭਰਾ:ਇਸ ਹਮਲੇ 'ਚ ਜ਼ਖ਼ਮੀ ਹੋਏ ਪਰਮਜੀਤ ਨੇ ਦੱਸਿਆ ਕਿ ਜਦੋਂ ਉਹ ਅਤੇ ਉਸ ਦਾ ਭਰਾ ਦੁੱਧ ਦੇਕੇ ਵਾਪਸ ਆ ਰਹੇ ਸਨ ਤਾਂ ਅਮਨ ਨਾਂ ਦੇ ਨੌਜਵਾਨ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਨੇ ਕਿਹਾ ਕਿ ਇਹ ਲੋਕ ਨਸ਼ਿਆਂ ਦਾ ਕਾਰੋਬਾਰ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਨੇ ਚਾਰ ਤੋਂ ਪੰਜ ਗੋਲੀਆਂ ਚਲਾਈਆਂ ਤੇ ਇਸ ਵਾਰਦਾਤ ਵਿੱਚ ਸੰਦੀਪ ਸਿੰਘ ਨਾਂ ਦਾ ਨੌਜਵਾਨ ਵੀ ਜ਼ਖ਼ਮੀ ਹੋਇਆ ਹੈ।
ਮੁਲਜ਼ਮਾਂ 'ਤੇ ਨਸ਼ੇ ਦਾ ਵਪਾਰ ਕਰਨ ਦੇ ਦੋਸ਼: ਇਸ ਮੌਕੇ ਜ਼ਖਮੀ ਦੇ ਭਰਾ ਅਤੇ ਦੋਸਤ ਚਿੰਕੂ ਕੁਮਾਰ ਨੇ ਦੱਸਿਆ ਕਿ ਹਮਲਾਵਰ ਨਸ਼ੇ ਦਾ ਧੰਦਾ ਕਰਦੇ ਸਨ ਅਤੇ ਉਹ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਵੀ ਰੋਕਦੇ ਸਨ ਅਤੇ ਰਸਤੇ 'ਚ ਉਨ੍ਹਾਂ ਦੀ ਲੜਾਈ ਵੀ ਹੋ ਗਈ ਸੀ। ਜ਼ਖ਼ਮੀ ਦੇ ਭਰਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਜਾਂਚ ਕਰ ਰਹੀ ਹੈ ਤੇ ਭਰਾ ਦੀ ਹਾਲਤ ਠੀਕ ਹੈ। ਉਨ੍ਹਾਂ ਦੱਸਿਆ ਕਿ ਸਾਡੀ ਕੋਈ ਦੁਸ਼ਮਣੀ ਨਹੀਂ ਹੈ।
ਪੁਲਿਸ ਵਲੋਂ ਕਾਰਵਾਈ ਸ਼ੁਰੂ:ਦੂਜੇ ਪਾਸੇ ਜ਼ਖਮੀ ਸੰਦੀਪ ਸਿੰਘ ਨੇ ਦੱਸਿਆ ਕਿ ਸਾਡੀ ਕੋਈ ਖਾਸ ਗੱਲਬਾਤ ਨਹੀਂ ਹੋਈ ਅਤੇ ਕਾਰ 'ਚ ਆਏ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਗੋਲੀਆਂ ਚਲਾ ਦਿੱਤੀਆਂ। ਪੀੜਤ ਨੇ ਦੱਸਿਆ ਕਿ ਉਹ ਦੀਨਾ ਸਾਹਿਬ ਚੌਕੀ ਇੰਚਾਰਜ ਦੇ ਕੋਲ ਪ੍ਰਾਈਵੇਟ ਡਰਾਈਵਰ ਵਜੋਂ ਕੰਮ ਕਰਦੇ ਹੈ। ਉਥੇ ਹੀ ਮਾਮਲੇ 'ਚ ਪੁਲਿਸ ਵਲੋਂ ਦੋਵਾਂ ਪੱਖਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸ 'ਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਤੇ ਮਾਮਲੇ ਨੂੰ ਦੋਵੇਂ ਪੱਖਾਂ ਤੋਂ ਗੰਭੀਰਤਾ ਨਾਲ ਸੁਣ ਕੇ ਹੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।