ਮੋਗਾ: ਨੌਜਵਾਨ ਭਾਰਤ ਸਭਾ ਵੱਲੋਂ ਦਿੱਲੀ ਜੰਤਰ-ਮੰਤਰ ਪੱਕੇ ਮੋਰਚੇ 'ਤੇ ਬੈਠੇ ਪਹਿਲਵਾਨਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਨੌਜਵਾਨ ਭਾਰਤ ਸਭਾ ਨੇ ਮੋਗਾ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਕੇ ਡਿਪਟੀ ਕਮਿਸ਼ਨਰ ਮੋਗਾ ਨੂੰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ। ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਅਰੁਣ ਸ਼ਰਮਾ ਅਤੇ ਕ੍ਰਿਕਟਰ ਅਮਨਦੀਪ ਬਰਾੜ ਨੇ ਦੱਸਿਆ ਕਿ ਭਲਵਾਨ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਬ੍ਰਿਜ ਭੂਸ਼ਣ ਸ਼ਰਨ ਸ਼ਰੇਆਮ ਘੁੰਮ ਰਿਹਾ ਹੈ।
ਖੇਡਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਨੇ ਕੀਤਾ ਰੋਸ ਮਾਰਚ, ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ - ਫੈਡਰੇਸ਼ਨਾਂ ਵਿੱਚ ਸਿਆਸਤਦਾਨਾਂ ਦੀ ਐਂਟਰੀ
ਮੋਗਾ ਵਿੱਚ ਨੌਜਵਾਨ ਭਾਰਤ ਸਭਾ ਦੇ ਖਿਡਾਰੀਆਂ ਨੇ ਦਿੱਲੀ ਵਿੱਚ ਇਨਸਾਫ਼ ਲਈ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਖੇਡਾਂ ਅੰਦਰ ਸਿਆਸਤਦਾਨਾਂ ਦੀ ਐਂਟਰੀ ਨੇ ਖੇਡਾਂ ਅਤੇ ਖਿਡਾਰੀਆਂ ਨੂੰ ਤਬਾਹ ਕਰ ਦਿੱਤਾ ਹੈ ਇਸ ਲਈ ਕਿਸੇ ਵੀ ਸਿਆਸਤਦਾਨ ਦੀ ਖੇਡਾਂ ਵਿੱਚ ਸ਼ਮੂਲੀਅਤ ਨਾ ਕੀਤੀ ਜਾਵੇ।

ਗੈਂਗਸਟਰਾਂ ਅਤੇ ਸਿਆਸਤਦਾਨਾਂ ਖੇਡਾਂ 'ਚ ਐਂਟਰੀ: ਹਰ ਵਕਤ ਦੇਸ਼ ਭਗਤੀ ਦਾ ਢੋਂਗ ਕਰਨ ਵਾਲੀ ਭਾਜਪਾ ਸਰਕਾਰ ਨੂੰ ਹੁਣ ਦੇਸ਼ ਦੇ ਚੈਂਪੀਅਨ ਖਿਡਾਰੀ ਕਿਉਂ ਨਹੀਂ ਦਿਸ ਰਹੇ। ਭਲਵਾਨਾਂ ਦੇ ਜੰਤਰ-ਮੰਤਰ 'ਤੇ ਨਿਰਾਦਰ ਬੇਹੱਦ ਚਿੰਤਾਜਨਕ ਹੈ। ਬ੍ਰਿਜ ਭੂਸ਼ਣ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ। ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਖੇਡ ਢਾਂਚਾ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ। ਉਨ੍ਹਾਂ ਕਿਹਾ ਖੇਡਾਂ ਦੀਆਂ ਮੈਨੇਜਮੈਂਟ ਕਮੇਟੀਆਂ, ਐਸੋਸੀਏਸ਼ਨਾਂ, ਫੈਡਰੇਸ਼ਨਾਂ ਵਿੱਚ ਸਿਆਸਤਦਾਨਾਂ ਅਤੇ ਗੈਂਗਸਟਰਾਂ ਦੀ ਐਂਟਰੀ ਕਾਰਨ ਹੀ ਭਲਵਾਨ ਧਰਨਾ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਕਬੱਡੀ ਵਿੱਚ ਗੈਂਗਸਟਰਾਂ ਦੀ ਐਂਟਰੀ ਕਾਰਣ ਮਾਂ ਖੇਡ ਕਬੱਡੀ ਦਾ ਗਲੇਅਡੀ ਏਟਰ ਸੰਦੀਪ ਨੰਗਲ ਅੰਬੀਆਂ ਸਾਡੇ ਤੋਂ ਖੋਹਿਆ ਗਿਆ ਹੈ। ਉਨ੍ਹਾਂ ਕਿਹਾ ਖੇਡਾਂ ਵਿੱਚ ਸਿਆਸਤਦਾਨਾਂ, ਗੈਂਗਸਟਰਾਂ ਦੀ ਐਂਟਰੀ ਬੈਨ ਹੋਣੀ ਚਾਹੀਦੀ ਹੈ। ਸੰਦੀਪ ਨੰਗਲ ਅੰਬੀਆਂ ਦੇ ਕਾਤਲਾਂ ਨੂੰ ਫਾਹੇ ਲਾਇਆ ਜਾਣਾ ਚਾਹੀਦਾ ਹੈ।
ਅਹੁਦੇਦਾਰਾਂ ਦੇ ਜਾਅਲੀ ਦਸਤਖਤ: ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਖੇਡਾਂ ਵਤਨ ਪੰਜਾਬ ਦੀਆਂ ਦੀ ਗੱਲ ਕਰਦੀ ਹੈ, ਪਰ ਬਹੁਤੇ ਪਿੰਡਾਂ ਵਿੱਚ ਖੇਡ ਮੈਦਾਨ ਹੀ ਨਹੀਂ ਹਨ। ਖੇਡ ਮੈਦਾਨਾਂ ਦੀ ਦੇਖ-ਰੇਖ ਨਾ ਹੋਣ ਕਰਕੇ ਨਸ਼ੇੜੀਆਂ ਦੇ ਅੱਡੇ ਬਣੇ ਹੋਏ ਹਨ। ਹਰ ਪਿੰਡ ਵਿੱਚ ਖੇਡ ਮੈਦਾਨ, ਖੁਰਾਕ, ਖੇਡ ਕਿੱਟਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਮੋਗਾ ਜ਼ਿਲ੍ਹੇ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਨੇ ਕਈ ਅਹੁਦੇਦਾਰਾਂ ਦੇ ਜਾਅਲੀ ਦਸਤਖਤ ਕਰਕੇ ਮਨਮਰਜ਼ੀ ਦੇ ਮਤੇ ਪਾਏ। ਜ਼ਿਲ੍ਹੇ ਦੇ ਯੋਗ ਖਿਡਾਰੀਆਂ ਨੂੰ ਥਾਂ ਦੇਣ ਦੀ ਬਜਾਏ ਬਾਹਰਲੇ ਖਿਡਾਰੀਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਮਾਮਲੇ ਨੂੰ ਲੈਕੇ ਐਸਐਸਪੀ ਮੋਗਾ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ। ਖਿਡਾਰੀਆਂ ਦੇ ਮਾਪਿਆਂ ਦੀ ਮੰਗ ਹੈ ਕਿ ਧਾਂਦਲੀਆਂ ਕਰਨ ਵਾਲਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੂੰ ਭੰਗ ਕਰਕੇ ਨਵੀਂ ਐਸੋਸੀਏਸ਼ਨ ਦੀ ਚੋਣ ਕੀਤੀ ਜਾਵੇ।