ਮੋਗਾ: ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਸਥਿਤ ਮੋਬਾਇਲਾਂ ਦੀ ਨਾਮੀ ਦੁਕਾਨ ਮਹਿੰਦਰਾ ਟੈਲੀਕਾਮ ਦੇ ਮਾਲਕ 'ਤੇ ਇੱਕ ਅਪਾਹਜ ਵਿਅਕਤੀ ਨੇ ਠੱਗੀ ਦੇ ਦੋਸ਼ ਲਗਾਏ ਹਨ। ਗ੍ਰਾਹਕ ਦਾ ਕਹਿਣਾ ਹੈ ਕਿ ਦੁਕਾਨਦਾਰ ਨੇ ਉਸ ਨੂੰ 55 ਹਜ਼ਾਰ ਰੁਪਏ ਦੀ ਕੀਮਤ ਦਾ ਮੋਬਾਇਲ ਫੋਨ ਦੇ ਕੇ ਉਸਦੇ ਕਰੈਡਿਟ ਕਾਰਡ ਵਿੱਚੋਂ 60 ਹਜ਼ਾਰ ਰੁਪਏ ਸਵੈਪ ਕਰ ਲਏ ਹਨ।
ਉਕਤ ਵਿਅਕਤੀ ਨੇ ਦੁਕਾਨਦਾਰ ਦਾ ਵਿਰੋਧ ਕੀਤਾ ਤਾਂ ਦੁਕਾਨਦਾਰ ਸਮੇਤ ਉਸ ਦੀ ਦੁਕਾਨ 'ਤੇ ਕੰਮ ਕਰਦੇ ਮੁਲਾਜ਼ਮਾਂ ਨੇ ਪੀੜਤ ਵਿਅਕਤੀ ਨਾਲ ਕਥਿਤ ਤੌਰ 'ਤੇ ਗਾਲੀ ਗਲੋਚ ਕਰਨ ਸਮੇਤ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੇ ਚੱਲਦੇ ਉਕਤ ਵਿਅਕਤੀ ਨੇ ਆਪਣੀ ਪਤਨੀ ਸਮੇਤ ਦੁਕਾਨ ਦੇ ਬਾਹਰ ਧਰਨਾ ਲਗਾ ਦਿੱਤਾ। ਧਰਨੇ ਦੌਰਾਨ ਬਾਜ਼ਾਰ 'ਚ ਟ੍ਰੈਫ਼ਿਕ ਜਾਮ ਹੁੰਦਿਆਂ ਦੇਖ ਮੌਕੇ 'ਤੇ ਥਾਣਾ ਸਿਟੀ ਸਾਊਥ ਦੀ ਪੁਲਿਸ ਪਹੁੰਚੀ ਤੇ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ।
ਦੁਕਾਨਦਾਰ ਨੇ ਕੈਸ਼ਬੈਕ ਦੇ ਨਾਮ 'ਤੇ ਮਾਰਨੀ ਚਾਹੀ 5 ਹਜ਼ਾਰ ਦੀ ਠੱਗੀ, ਗ੍ਰਾਹਕ ਵੱਲੋਂ ਹੰਗਾਮਾ ..ਕੈਸ਼ਬੈਕ ਦੇ ਨਾਮ 'ਤੇ ਮਾਰਨੀ ਚਾਹੁੰਦਾ ਸੀ ਠੱਗੀ - ਪੀੜਤ
ਠੱਗੀ ਦਾ ਸ਼ਿਕਾਰ ਹੋਏ ਸੁਰਜੀਤ ਸਿੰਘ ਵਾਸੀ ਪਿੰਡ ਰਾਊਕੇ ਕਲਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੀਵਾਲੀ ਤੋਂ ਇਕ ਦਿਨ ਪਹਿਲਾਂ ਉਸ ਨੇ ਮਹਿੰਦਰਾ ਟੈਲੀਕੌਮ ਵਾਲਿਆਂ ਦੀ ਦੁਕਾਨ ਤੋਂ 55 ਹਜ਼ਾਰ ਰੁਪਏ ਦੀ ਕੀਮਤ ਦਾ ਇੱਕ ਮੋਬਾਇਲ ਫ਼ੋਨ ਖ਼ਰੀਦਿਆ ਸੀ।
ਐਚਡੀਐਫਸੀ ਬੈਂਕ ਦਾ ਕ੍ਰੈਡਿਟ ਕਾਰਡ ਸਵਾਈਪ ਕਰਨ 'ਤੇ ਉਨ੍ਹਾਂ ਨੂੰ ਕੰਪਨੀ ਵੱਲੋਂ ਪੰਜ ਹਜ਼ਾਰ ਰੁਪਏ ਦਾ ਕੈਸ਼ਬੈਕ ਮਿਲ ਗਿਆ ਪਰ ਦੁਕਾਨਦਾਰ ਦੇ ਮਨ ਵਿੱਚ ਖੋਟ ਆ ਗਈ ਤੇ ਉਸ ਨੇ ਪੰਜ ਹਜ਼ਾਰ ਰੁਪਏ ਕੈਸ਼ਬੈਕ ਦੀ ਠੱਗੀ ਮਾਰਦੇ ਹੋਏ ਪੰਜ ਹਜ਼ਾਰ ਰੁਪਏ ਹੋਰ ਉਨ੍ਹਾਂ ਦੇ ਕ੍ਰੈਡਿਟ ਕਾਰਡ ਵਿੱਚੋਂ ਸਵਾਇਪ ਕਰ ਲਏ। ਜਦੋਂ ਉਸ ਵੱਲੋਂ ਦੁਕਾਨਦਾਰ ਦਾ ਵਿਰੋਧ ਕੀਤਾ ਗਿਆ ਤਾਂ ਦੁਕਾਨ ਮਾਲਕ ਅਤੇ ਉਸਦੇ ਬੇਟੇ ਸਿਮਰਨ ਤੇ ਉਸ ਦੇ ਮੁਲਾਜ਼ਮਾਂ ਨੇ ਉਸ ਨੂੰ ਦੁਕਾਨ ਤੋਂ ਬਾਹਰ ਹੋਣ ਲਈ ਕਹਿ ਅਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ।
ਜਿਸ ਤੋਂ ਦੁਖੀ ਹੋ ਕਿ ਉਸ ਨੇ ਆਪਣੀ ਪਤਨੀ ਨਾਲ ਦੁਕਾਨ ਦੇ ਬਾਹਰ ਧਰਨਾ ਲਗਾ ਦਿੱਤਾ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਪੁਲਿਸ ਕੋਲ ਇਸਦੀ ਲਿਖਤ ਸ਼ਿਕਾਇਤ ਕਰੇਗਾ ਅਤੇ ਆਰੋਪੀ ਦੁਕਾਨਦਾਰ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣਗੇ।
ਪਹਿਲਾਂ ਵੀ ਲੱਗ ਚੁੱਕੇ ਹਨ ਧੋਖਾਧੜੀ ਦੇ ਆਰੋਪ!
ਇੱਥੇ ਦੱਸਣਯੋਗ ਹੈ ਕਿ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਸਥਿਤ ਮਹਿੰਦਰਾ ਟੈਲੀਕੌਮ 'ਤੇ ਪਹਿਲਾਂ ਵੀ ਕਈ ਗਾਹਕਾਂ ਵੱਲੋਂ ਧੋਖਾਧੜੀ ਕਰਨ ਦੇ ਆਰੋਪ ਲਾਏ ਜਾ ਚੁੱਕੇ ਹਨ। ਕੁਝ ਸਮਾਂ ਪਹਿਲਾਂ ਬੈਂਕ ਵਿੱਚ ਕੰਮ ਕਰਦੇ ਕਰਮਚਾਰੀ ਨੇ ਦੁਕਾਨ ਮਾਲਕ ਉੱਤੇ ਆਰੋਪ ਲਾਇਆ ਸੀ ਕਿ ਉਸਦੇ ਮੋਬਾਇਲ ਦਾ ਬੀਮਾ ਹੋਣ ਦੇ ਬਾਵਜੂਦ ਦੁਕਾਨ ਮਾਲਕ ਉਸ ਨੂੰ ਮੋਬਾਇਲ ਠੀਕ ਕਰਵਾ ਕੇ ਨਹੀਂ ਦੇ ਰਿਹਾ।
ਜਾਂਚ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ : ਐੱਸਐੱਚਓ
ਥਾਣਾ ਸਿਟੀ ਸਾਊਥ ਦੇ ਐਸਐਚਓ ਗੁਰਪ੍ਰੀਤ ਸਿੰਘ ਨਾਲ ਜਦੋਂ ਇਸ ਮਾਮਲੇ ਸਬੰਧੀ ਫ਼ੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।