ਮੋਗਾ: ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨਾਲ ਧਰਨੇ 'ਤੇ ਬੈਠੀਆਂ ਮਹਿਲਾਵਾਂ ਪ੍ਰਤੀ ਵਿਵਾਦਿਤ ਟਿੱਪਣੀ ਕਰ ਕੇ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਸ਼ਨੀਵਾਰ ਨੂੰ ਬਾਘਾਪੁਰਾਣਾ ਟੋਲ ਪਲਾਜ਼ਾ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਅਰਥੀ ਮੁਜ਼ਾਹਰਾ ਕਰ ਕੇ ਪੁਤਲਾ ਫੂਕਿਆ ਗਿਆ, ਉਥੇ ਹੀ ਕੁਝ ਬਜ਼ੁਰਗ ਮਹਿਲਾਵਾਂ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਆੜੇ ਹੱਥੀਂ ਲੈਂਦਿਆਂ ਉਸ ਦੇ ਖ਼ਿਲਾਫ਼ ਜੰਮ ਕੇ ਭੜਾਸ ਕੱਢੀ।
ਕੰਗਨਾ ਖ਼ਿਲਾਫ਼ ਗੁੱਸਾ ਜ਼ਾਹਿਰ ਕਰਦਿਆਂ ਭਾਵੁਕ ਹੋਈ ਬਜ਼ੁਰਗ ਇੱਥੋਂ ਤੱਕ ਕਿ ਗੱਲਬਾਤ ਕਰਦਿਆਂ 90 ਸਾਲਾਂ ਦੀ ਇੱਕ ਬਜ਼ੁਰਗ ਮਹਿਲਾ ਕੰਗਨਾ ਖ਼ਿਲਾਫ਼ ਗੁੱਸਾ ਜਾਹਰ ਕਰਦਿਆਂ ਭਾਵੁਕ ਹੋ ਗਈ ਤੇ ਮਹਿਲਾਵਾਂ ਨੇ ਮੰਗ ਕੀਤੀ ਕਿ ਕੰਗਣਾ ਜਾਂ ਤਾਂ ਆਪਣੇ ਇਸ ਬਿਆਨ 'ਤੇ ਮੁਆਫ਼ੀ ਮੰਗੇ ਤੇ ਜਾਂ ਫਿਰ ਉਸ ਦੇ ਖ਼ਿਲਾਫ਼ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
ਟੋਲ ਪਲਾਜ਼ਾ ਬਾਘਾਪੁਰਾਣਾ ਤੇ ਪ੍ਰਧਾਨਮੰਤਰੀ ਮੋਦੀ ਦਾ ਅਰਥੀ ਮੁਜ਼ਾਹਰਾ ਕਰਨ ਪਹੁੰਚੀਆਂ ਬਜ਼ੁਰਗ ਮਹਿਲਾਵਾਂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰੇ, ਕਿਸਾਨ ਜਥੇਬੰਦੀਆਂ ਅਤੇ ਉਕਤ ਮਹਿਲਾਵਾਂ ਪ੍ਰਧਾਨਮੰਤਰੀ ਮੋਦੀ ਨੂੰ ਗਾਲ੍ਹ ਤੱਕ ਨਹੀਂ ਕੱਢਣਗੀਆਂ। ਨਹੀਂ ਤਾਂ ਪ੍ਰਧਾਨ ਮੰਤਰੀ ਮੋਦੀ ਦਾ ਪਿੱਟ ਸਿਆਪਾ ਕਰ ਕੇ ਅੱਗੇ ਵੀ ਪੂਰਾ ਕਿਰਿਆ ਕਰਮ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਸਖ਼ਤ ਫ਼ੈਸਲੇ ਲਏ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਘੋਲ ਵਿੱਚ ਉਨ੍ਹਾਂ ਦੇ 18 ਸਾਲਾਂ ਦੇ ਜਵਾਕ ਅਤੇ 90 ਸਾਲ ਦੇ ਬਜ਼ੁਰਗ ਆਪਣੇ ਹੱਕਾਂ ਖਾਤਰ ਦਿੱਲੀ 'ਚ ਰੁਲਣ ਲਈ ਮਜਬੂਰ ਹੋ ਚੁੱਕੇ ਹਨ।
ਇੱਕ ਹੋਰ ਬਜ਼ੁਰਗ ਮਹਿਲਾ ਸੁਰਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਜਾਂ ਤਾਂ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੇ ਜਾਂ ਫਿਰ ਕੰਗਨਾ ਆਪਣੇ ਪੂਰੇ ਪਰਿਵਾਰ ਸਮੇਤ ਕਿਸਾਨਾਂ ਨਾਲ ਧਰਨੇ ਤੇ ਆ ਕੇ ਬੈਠੇ ਤਾਂ ਜੋ ਉਸਨੂੰ ਪਤਾ ਚੱਲ ਸਕੇ ਕਿ ਧਰਨੇ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਨ ਤੋਂ ਬਾਅਦ ਕਿਸ ਤਰ੍ਹਾਂ ਮਹਿਲਾਵਾਂ ਨੂੰ ਘਰ ਵਿੱਚ ਜਾ ਕੇ ਆਪਣਾ ਕੰਮ ਕਰਨਾ ਪੈਂਦਾ ਹੈ।