ਮੋਗਾ:ਪੌਸ਼ ਇਲਾਕੇ ਵਿੱਚ ਘਰ ਦੇ ਵਿਚ ਬਣੇ ਕਬਾੜ ਦੇ ਗੋਦਾਮ ਨੂੰ (fire broke out in the warehouse of Kawar) ਅੱਜ ਸਵੇਰੇ ਕਰੀਬ 8:30 ਵਜੇ ਅੱਗ ਲੱਗੀ। ਅੱਗ ਲੱਗਣ ਕਾਰਨ ਗੋਦਾਮ ਵਿਚ ਪਏ ਲੱਖਾਂ ਰੁਪਏ ਦਾ ਕਬਾੜ ਸੜ ਕੇ ਸੁਆਹ ਹੋ ਗਿਆ। ਕਬਾੜ ਦੇ ਗੋਦਾਮ 'ਚ ਲੱਗੀ ਅੱਗ 'ਤੇ 21 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 5 ਘੰਟਿਆਂ 'ਚ ਕਾਬੂ ਪਾਇਆ।
ਮੋਗਾ ਦੀ ਵਿਧਾਇਕਾ ਅਮਨ ਦੀਪ ਕੌਰ ਅਰੋੜਾ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ। ਪਰ ਮੁਹੱਲੇ ਵਿੱਚ ਰਾਤ ਜਾਗਰਣ ਹੋਣ ਕਾਰਨ ਟੈਂਟ ਲੱਗਿਆ ਹੋਇਆ ਸੀ ਜਿਸ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਫਸ ਗਈ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਨੇ ਆਪਣਾ ਭਿਆਨਕ ਰੂਪ ਧਾਰਿਆ ਅਤੇ ਮੁਹੱਲੇ ਦੇ ਵਿਚ ਹਫੜਾ ਤਫੜੀ ਮੱਚ ਗਈ। ਜਿਸ ਤੋਂ ਬਾਅਦ ਫਾਇਰਮੈਨ ਕਰਮਚਾਰੀਆਂ ਵੱਲੋਂ ਪਾਣੀ ਵਿੱਚ ਕੈਮੀਕਲ ਪਾ ਕੇ ਅੱਗ ਬੁਝਾਉਣ ਦੇ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਜਿਸ ਤੋਂ ਬਾਅਦ ਮੌਕੇ ਤੇ ਗੋਦਾਮ ਦੀ ਦੀਵਾਰ ਨੂੰ ਹਟਾਉਣ ਲਈ ਜੇ.ਸੀ.ਬੀ. ਮੰਗਵਾਈ ਗਈ। ਅੱਗ ਲੱਗਣ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਜਦਕਿ ਸਮੁੱਚਾ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਜਦੋਂ ਇਸ ਮਾਮਲੇ ਵਿਚ ਮੁਹੱਲਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗੋਦਾਮ ਪਿਛਲੇ ਕਈ ਸਾਲਾਂ ਤੋਂ ਇੱਥੇ ਬਣਿਆ ਹੋਇਆ ਹੈ। ਇਨ੍ਹਾਂ ਨੂੰ ਕਈ ਵਾਰ ਕਿਹਾ ਗਿਆ ਸੀ ਕਿ ਇਹ ਗੋਦਾਮ ਮੁਹੱਲੇ ਵਿਚ ਨਹੀਂ ਹੋਣਾ ਚਾਹੀਦਾ ਜਿਸ ਦਾ ਇਨ੍ਹਾਂ ਨੇ ਕਈ ਵਾਰ ਸਾਡੇ ਨਾਲ ਵਿਰੋਧ ਵੀ ਕੀਤਾ। ਉਨ੍ਹਾਂ ਕਿਹਾ ਕਿ ਕਈ ਵਾਰ ਗੋਦਾਮ ਨੂੰ ਲੈ ਕੇ ਮੋਗਾ ਦੇ ਨਗਰ ਨਿਗਮ ਅਤੇ ਹੋਰ ਕਈ ਉੱਚ ਅਧਿਕਾਰੀਆਂ ਨੂੰ ਵੀ ਕਿਹਾ ਗਿਆ ਸੀ ਪਰ ਮਾਮਲਾ ਉਥੇ ਦਾ ਉਥੇ ਹੀ ਹੈ। ਜਿਸ ਦਾ ਅੱਜ ਨਤੀਜਾ ਸਾਰੇ ਮੁਹੱਲੇ ਨੂੰ ਹੀ ਭੁਗਤਣਾ ਪੈ ਗਿਆ ਹੈ। ਮੁਹੱਲੇ ਵਾਲਿਆਂ ਨੇ ਮੰਗ ਕੀਤੀ ਹੈ ਕਿ ਇਹ ਗੋਦਾਮ ਇੱਥੋਂ ਬੰਦ ਕੀਤਾ ਜਾਵੇ ਅਤੇ ਇਸ ਦੇ ਉਪਰ ਬਣਦੀ ਕਾਰਵਾਈ ਵੀ ਕੀਤੀ ਜਾਵੇ।