ਬਜ਼ੁਰਗ ਔਰਤਾਂ ਨੇ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਮੋਗਾ:ਪਿੰਡ ਲੰਗੇਆਣਾ ਦੀਆਂ ਵਸਨੀਕ ਦੋ ਆਸ਼ਾ ਵਰਕਰ ਬੀਬੀਆਂ ਨੇ ਸਾਬਿਤ ਕਰ ਦਿੱਤਾ ਕਿ ਪੜਾਈ ਕਰਨ ਦੀ ਕੋਈ ਉਮਰ ਨਹੀਂ ਹੁੰਦੀ। 50 ਸਾਲ ਤੋਂ ਵੱਧ ਉਮਰ ਦੀਆਂ ਇਨ੍ਹਾਂ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ। ਇਨ੍ਹਾਂ ਵਿੱਚੋ ਇਕ ਨੇ ਦਸਵੀਂ ਤੇ ਦੂਜੀ ਨੇ ਬਾਰਵੀਂ ਪਾਸ ਕਰਕੇ ਮਿਸਾਲ ਕਾਇਮ ਕੀਤੀ ਹੈ। ਇਹ ਬੀਬੀਆਂ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੀਆਂ ਹਨ ਜੋ ਪੜ੍ਹਾਈ ਨਹੀਂ ਕਰਨਾ ਚਾਹੁੰਦੇ ਜਾ ਜਿਨ੍ਹਾਂ ਦੀ ਕਿਸੇ ਕਾਰਨ ਕਰਕੇ ਪੜ੍ਹਾਈ ਛੁੱਟ ਗਈ ਹੋਵੇ।
60 ਸਾਲਾਂ ਦੀ ਆਸ਼ਾ ਵਰਕਰ ਨੇ ਕੀਤੀ ਦਸਵੀਂ: 60 ਸਾਲਾਂ ਬੀਬੀ ਬਲਜੀਤ ਕੌਰ ਪਤਨੀ ਜੀਵੇ ਖਾਂ ਨੇ ਦੱਸਿਆ ਕਿ ਉਹ ਪੋਤਰਿਆਂ ਦੋਹਤਿਆਂ ਵਾਲੀ ਹੈ ਤੇ ਪਿੰਡ ’ਚ ਆਸ਼ਾ ਵਰਕਰ ਵਜੋਂ ਕੰਮ ਕਰਦੀ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ 1976 ’ਚ ਛੱਡੀ ਸੀ। ਪਰ ਉਸ ਵਿੱਚ ਪੜ੍ਹਨ ਦੀ ਚਿਣਗ ਸੀ ਜੋ ਕਿ 47 ਸਾਲ ਦੇ ਗੈਪ ਮਗਰੋਂ ਵੀ ਨਹੀਂ ਮਰੀ। ਉਨ੍ਹਾਂ ਪਿਛਲੇ ਥੋੜ੍ਹੇ ਸਮੇਂ ਤੋਂ ਦੁਬਾਰਾ ਪੜ੍ਹਨਾ ਸ਼ੁਰੂ ਕੀਤਾ। ਇਸ ਸਾਲ ਉਸ ਨੇ ਦਸਵੀਂ ਕਰਨ ਦੀ ਠਾਨ ਲਈ ਅਤੇ ਓਪਨ ਰਾਹੀ ਦਾਖਲਾ ਲੈ ਕੇ ਪੇਪਰ ਦਿੱਤੇ। ਹੁਣ ਉਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀ ਦਸਵੀ ਕਰ ਲਈ ਹੈ ਕੁਝ ਦਿਨ ਪਹਿਲਾਂ ਹੀ ਇਸ ਦਾ ਨਤੀਜਾ ਆਇਆ ਤਾਂ ਉਨ੍ਹਾਂ ਨੇ 345 ਅੰਕ ਹਾਸਲ ਕਰ ਕੇ ਇਹ ਪ੍ਰੀਖਿਆ ਪਾਸ ਕੀਤੀ ਹੈ।
53 ਸਾਲਾ ਦੀ ਬੀਬੀ ਨੇ ਕੀਤੀ ਬਾਰ੍ਹਵੀਂ: ਇਸੇ ਤਰ੍ਹਾਂ ਇਸੇ ਪਿੰਡ ਦੇ ਮੌਜੂਦਾ ਸਰਪੰਚ ਸੁਖਦੇਵ ਸਿੰਘ ਦੀ ਪਤਨੀ 53 ਸਾਲਾ ਬੀਬੀ ਗੁਰਮੀਤ ਕੌਰ ਵੀ ਆਸ਼ਾ ਵਰਕਰ ਹਨ। ਉਨ੍ਹਾਂ ਨੇ ਦੱਸਿਆ ਕਿ 1987 ’ਚ ਦਸਵੀਂ ਜਮਾਤ ਪਾਸ ਕਰਨ ਮਗਰੋਂ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਸੀ। ਹੁਣ ਤੱਕ 36 ਸਾਲ ਬਾਅਦ ਉਨ੍ਹਾਂ ਨੇ ਪੜ੍ਹਾਈ ਸ਼ੁਰੂ ਕੀਤੀ ਸੀ। ਇਸ ਸਾਲ ਉਨ੍ਹਾਂ ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਜਿਹੜੀ ਉਨ੍ਹਾਂ ਨੇ 328 ਅੰਕ ਹਾਸਲ ਕਰ ਕੇ ਪਾਸ ਕੀਤੀ ਹੈ। ਉਹ ਵੀ ਇਸ ਵੇਲੇ ਪੋਤਰੇ-ਪੋਤਰੀਆਂ ਵਾਲੇ ਹਨ।
ਦੋਵੇਂ ਪਰਿਵਾਰਾਂ ਨੂੰ ਵਧਾਈ:ਉਨ੍ਹਾਂ ਦੱਸਿਆ ਕਿ ਉਹ ਆਸ਼ਾ ਵਰਕਰ ਵਜੋਂ ਕੰਮ ਕਰ ਹਨ ਉਹ ਮੈਂਬਰ ਪੰਚਾਇਤ ਵੀ ਰਹਿ ਚੁੱਕੇ ਹਨ। ਭਾਈ ਘਨ੍ਹਈਆ ਜੀ ਲੋਕ ਸੇਵਾ ਕਲੱਬ ਲੰਗੇਆਣਾ ਪੁਰਾਣਾ, ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਤੇ ਸਮੂਹ ਪਿੰਡ ਵਾਸੀਆਂ ਨੇ ਇਸ ਮਿਸਾਲ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੋਵੇਂ ਪਰਿਵਾਰਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਇਨ੍ਹਾਂ ਦੋਵਾਂ ਬਜ਼ੁਰਗ ਬੀਬੀਆਂ ਦਾ ਕਹਿਣਾ ਹੈ ਕਿ ਇਨਸਾਨ ਦੀ ਪੜ੍ਹਨ ਦੀ ਕੋਈ ਉਮਰ ਹੱਦ ਨਹੀਂ ਹੁੰਦੀ। ਇਨਸਾਨ ਜਦੋਂ ਚਾਹੇ ਆਪਣੇ ਆਤਮ-ਵਿਸ਼ਵਾਸ ਨੂੰ ਬਰਕਰਾਰ ਰੱਖਦਿਆਂ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ। ਸੋ ਸਾਨੂੰ ਵੱਧ ਤੋਂ ਵੱਧ ਪੜ੍ਹਾਈ ਕਰਨੀਂ ਚਾਹੀਦੀ ਹੈ। ਉਨ੍ਹਾਂ ਅੱਜ ਦੇ ਭਟਕਦੇ ਜਾ ਰਹੇ ਨੌਜਵਾਨ ਵਰਗ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਿਆਈਆਂ ਤੋਂ ਹਮੇਸ਼ਾ ਦੂਰ ਰਹਿਣ ਦਾ ਸੱਦਾ ਦਿੱਤਾ ਹੈ।