ਮੋਗਾ:ਜ਼ਿਲ੍ਹੇ ਦੇ ਪਿੰਡ ਤਤਾਰੀਏ ਵਾਲੇ ਦਾ ਨੌਜਵਾਨ ਸੁਖਦੀਪ ਸਿੰਘ ਪੜਾਈ ਕਰਨ ਲਈ ਆਸਟ੍ਰੇਲੀਆ ਗਿਆ ਹੋਇਆ ਸੀ। ਉੱਥੇ ਜਾ ਕੇ ਪੱਕਾ ਹੋਣ ਤੋਂ ਬਾਅਦ, ਉਹ 14 ਸਾਲਾਂ ਤੋਂ ਘਰ ਨਹੀ ਆਇਆ ਸੀ। ਬੀਤੇ ਦਿਨੀ ਆਸਟ੍ਰੇਲੀਆ ਵਿੱਚ ਉਸ ਦੀ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਸੜਕ ਹਾਦਸਾ ਵਾਪਰ ਗਿਆ। ਸੁਖਦੀਪ ਦੀ ਹਾਦਸੇ ਵਿੱਚ ਮੌਤ ਹੋ ਗਈ। ਮਾਂ-ਪਿਓ ਸਣੇ ਜਿਗਰ ਨਾਲ ਲਾ ਕੇ ਪਾਲੇ ਪੋਤੇ ਦੀ ਮੌਤ ਦੀ ਖ਼ਬਰ ਸੁਣ ਕੇ ਦਾਦੀ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ।
ਫ਼ਰਵਰੀ 'ਚ ਕਰਨੀ ਸੀ ਨਵੇਂ ਘਰ ਦੀ ਓਪਨਿੰਗ: ਸੁਖਦੀਪ ਸਿੰਘ ਨੇ ਲੰਮੇ ਸਮੇਂ ਬਾਅਦ ਆਪਣੇ ਘਰ ਪਰਤਣਾ ਸੀ ਅਤੇ ਫ਼ਰਵਰੀ ਵਿੱਚ ਪਿੰਡ 'ਚ ਬਣਾਏ ਨਵੇਂ ਘਰ ਦੀ ਓਪਨਿੰਗ ਕਰਨੀ ਸੀ। ਪਰ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮੰਨਜ਼ੂਰ ਸੀ। ਰੋਂਦੀ ਦਾਦੀ ਆਪਣੇ ਪੋਤੇ ਨੂੰ ਅਵਾਜ਼ਾ ਦੇ ਰਹੀ ਹੈ ਕਿ ਤੂੰ ਮੈਨੂੰ ਕਈ ਸਾਲਾਂ ਤੋਂ ਨਹੀਂ ਮਿਲਿਆ,ਇਕ ਵਾਰ ਤਾਂ ਮਿਲ ਜਾਂਦਾ। ਪਰਿਵਾਰ ਸੁਖਦੀਪ ਦੀਆਂ ਅੰਤਿਮ ਰਸਮਾਂ ਕਰਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਜਿਸ ਲਈ ਉਨ੍ਹਾਂ ਨੇ ਵੀਜ਼ਾ ਅਪਲਾਈ ਕੀਤਾ ਹੈ।
14 ਸਾਲਾਂ ਤੋਂ ਨਹੀਂ ਪਰਤਿਆ ਸੀ ਪਿੰਡ:ਸੁਖਦੀਪ ਦੀ ਮਾਤਾ ਨੇ ਭਰੇ ਮਨ ਨਾਲ ਕਿਹਾ ਕਿ ਚੌਦਾਂ ਸਾਲਾਂ ਤੋਂ ਮੇਰਾ ਪੁੱਤ ਵਿਦੇਸ਼ ਵਿੱਚ ਕਮਾਈ ਕਰ ਰਿਹਾ ਸੀ ਜਿਸ ਨੇ ਦੁਬਾਰਾ ਪਿੰਡ ਦਾ ਮੂੰਹ ਨਹੀ ਦੇਖਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀਜ਼ਾ ਮਿਲ ਗਿਆ ਸੀ ਤੇ ਮੈ ਤਿੰਨ ਮਹੀਨੇ ਉਸ ਕੋਲ ਰਹਿ ਕੇ ਆਈ ਸੀ। ਉਨ੍ਹਾਂ ਕਿਹਾ ਸਾਡੇ ਪੁੱਤ ਨੇ ਵਿਦੇਸ ਵਿੱਚ ਮੱਲਾ ਮਾਰੀਆ ਸਨ। ਬਹੁਤ ਜਲਦੀ ਪੱਕਾ ਹੋ ਕੇ ਘਰ ਦੀ ਗੁਰਬਤ ਕੱਢਣ ਲਈ ਉਥੇ ਆਪਣੇ ਕੰਮ ਵਿੱਚ ਡੱਟਿਆ ਰਿਹਾ। ਮਾਂ ਨੇ ਕਿਹਾ ਕਿ ਹੁਣ ਅਸੀ ਪਿੰਡ ਆਪਣੇ ਪੁੱਤਰ ਅਤੇ ਪੋਤਿਆ ਲਈ ਨਵਾਂ ਘਰ ਬਣਾਇਆ ਸੀ ਜਿਸ ਦੀ ਫ਼ਰਵਰੀ ਵਿੱਚ ਓਪਨਿੰਗ ਸੀ, ਪਰ ਉਸ ਤੋਂ ਪਹਿਲਾਂ ਹੀ ਵੱਡਾ ਭਾਣਾ ਵਰਤ ਗਿਆ।