ਮੋਗਾ :2 ਜੁਲਾਈ 1999 ਨੂੰ ਕਾਰਗਿਲ ਦੀ ਜੰਗ ਵਿੱਚ ਸ਼ਹੀਦੀ ਹੋਣ ਵਾਲੇ ਜਿਊਣ ਸਿੰਘ ਦੇ ਬੇਟੇ ਨੇ ਕਿਹਾ ਮੈਨੂੰ ਮੇਰੇ ਪਿਤਾ ਦੀ ਸ਼ਹਾਦਤ ਉੱਤੇ ਮਾਣ ਹੈ। ਸ਼ਹੀਦ ਦੇ ਪੁੱਤਰ ਨੇ ਕਿਹਾ ਕਿ 25 ਸਾਲ ਆਪਣੇ ਪਿਤਾ ਤੋਂ ਬਗੈਰ ਕਿਵੇਂ ਜਿੰਦਗੀ ਕੱਟ ਰਹੇ ਹਾਂ, ਇਹ ਸਾਡਾ ਪਰਿਵਾਰ ਹੀ ਜਾਣਦਾ ਹੈ। ਕਾਰਗਿਲ ਫਤਿਹ ਦਿਵਸ ਉੱਤੇ ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਦੇ ਪਿੰਡ ਮਾਹੀਵਾਲਾ ਦੇ ਕਾਰਗਿਲ ਸ਼ਹੀਦ ਜਿਊਣ ਸਿੰਘ ਦੇ ਪਰਿਵਾਰ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ।
ਮਾਂ ਨੇ ਪਿਤਾ ਦਾ ਪਿਆਰ ਵੀ ਦਿੱਤਾ :ਸ਼ਹੀਦ ਦੇ ਲੜਕੇ ਨੇ ਕਿਹਾ ਕਿ ਇਹ 25 ਸਾਲ ਦਾ ਸਮਾਂ ਬਹੁਤ ਔਖਾ ਲੰਘਿਆ ਹੈ। ਪਿਤਾ ਦੀ ਸ਼ਹੀਦੀ ਤੋਂ ਬਾਅਦ ਮਾਤਾ ਨੇ ਪਿਤਾ ਵਰਗਾ ਪਿਆਰ ਦਿੱਤਾ। ਮਾਂ ਨੇ ਪਿਤਾ ਤੇ ਮਾਂ ਵਾਲੇ ਦੋਵੇਂ ਫਰਜ ਅਦਾ ਕੀਤੇ ਹਨ। ਉਸਨੇ ਕਿਹਾ ਕਿ ਮੇਰੀ ਉਮਰ ਉਸ ਸਮੇਂ ਦੋ ਸਾਲ ਦੀ ਸੀ ਜਦੋਂ ਪਿਤਾ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਪਿਤਾ ਦੇ ਸ਼ਹੀਦ ਹੋਣ ਪਿੱਛੋਂ ਮਾਮੇ ਅਤੇ ਚਾਚਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ। ਇਹ ਸਮਾਂ ਬੀਤਣ ਦੇ ਬਾਅਦ ਸਰਕਾਰਾਂ ਨੇ ਸਾਡੀ ਕਦੇ ਵੀ ਸਾਰ ਨਹੀਂ ਲਈ ਹੈ, ਜਿਸ ਸਕੂਲ ਵਿੱਚ ਮੇਰੇ ਪਿਤਾ ਨੇ ਪੜ੍ਹਾਈ ਕੀਤੀ ਹੈ, ਉਸ ਸਕੂਲ ਵਿੱਚ 23 ਸਾਲਾਂ ਦੇ ਲੰਬੇ ਅਰਸੇ ਤੋਂ ਬਾਅਦ ਸਾਬਕਾ ਸੈਨਿਕ ਮੇਰੇ ਪਿਤਾ ਸ਼ਹੀਦ ਜਿਊਣ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ।