ਮੋਗਾ:ਸ਼ਹਿਰ ਦੇ ਵਿਕਾਸ ਲਈ ਚੁਣੇ ਨੁਮਾਇੰਦਿਆਂ ਦੀ ਆਪਸੀ ਖਿੱਚੋਤਾਣ ਨੇ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਮੱਠਾ ਕਰ ਦਿੱਤਾ ਹੈ। ਬੀਤੇ ਕੱਲ ਮੋਗਾ ਦੀ ਮੇਅਰ ਨੀਤਿਕਾ ਭੱਲਾ ਅਤੇ ਉਹਨਾਂ ਦੇ ਸਮਰਥੱਕਾਂ ਵੱਲੋਂ ਵੱਡੇ ਇਲਜਾਮ ਲਗਾਉਂਦਿਆਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਤੇ ਕਮਿਸ਼ਨਰ ਨਗਰ ਨਿਗਮ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਸੀ।
ਮੇਅਰ ਵੱਲੋਂ ਦਿੱਤੇ ਧਰਨੇ ਦੇ ਪ੍ਰਤੀਕਰਮ ਵਜੋਂ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ ਨੇ ਪ੍ਰੈਸ ਕਾਨਫਰੰਸ ਕਰਕੇ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਅਤੇ ਉਹਨਾਂ ਦੇ ਪਤੀ ਦੀਪਕ ਭੱਲਾ ’ਤੇ ਠੇਕੇਦਾਰਾਂ ਨੂੰ ਪਰੇਸ਼ਾਨ ਕਰਕੇ ਵੱਡੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਾਰਕੁੰਨ ਅਤੇ ਕੌਂਸਲਰ ਸਰਬਜੀਤ ਕੌਰ ਦੇ ਪਤੀ ਹਰਜਿੰਦਰ ਸਿੰਘ ਰੋਡੇ ਨੇ ਮੇਅਰ ਨੀਤਿਕਾ ਭੱਲਾ ’ਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਉਹ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਵਿਧਾਇਕਾ ’ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ।
ਉਹਨਾਂ ਕਿਹਾ ਕਿ ਮੋਗਾ ਨਗਰ ਨਿਗਮ ਵਿਚ ਵੱਡੇ ਪੱਧਰ ’ਤੇ ਹੋਏ ਘਪਲਿਆਂ ਦੀ ਜਾਂਚ ਤੋਂ ਬਚਣ ਲਈ ਮੇਅਰ ਅਤੇ ਉਸ ਦੇ ਹਮਾਇਤੀ ਕੌਂਸਲਰਾਂ ਨੇ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ ਦੇ ਦਫਤਰ ਮੂਹਰੇ ਧਰਨਾ ਦੇਣ ਦਾ ਡਰਾਮਾ ਰਚਿਆ ਜਦੋਂਕਿ ਮੇਅਰ ਖੁਦ ਹਾਊਸ ਦੀ ਮੁਖੀ ਹੈ ਅਤੇ ਉਹ ਕਿਸੇ ਵੀ ਕੰਮ ਸੁਚਾਰੂ ਰੂਪ ਚਲਾਉਣ ਲਈ ਅਧਿਕਾਰਤ ਹੈ। ਉਹਨਾਂ ਆਖਿਆ ਕਿ ਜਿਹੜੇ ਕੰਮ ਰੁਕੇ ਹਨ ਉਸ ਦਾ ਕਾਰਨ ਠੇਕੇਦਾਰ ਨੂੰ ਪੈਸੇ ਦੀ ਅਦਾਇਗੀ ਸਮੇਂ ਸਿਰ ਨਾ ਹੋਣਾ ਹੈ। ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਸ਼ਹਿਰ ਵਿਚ ਹੋਏ ਵਿਕਾਸ ਕਾਰਜਾਂ ਦੌਰਾਨ ਹੋਏ ਘਪਲਿਆਂ ਸਬੰਧੀ ਚੱਲ ਰਹੀ ਵਿਜੀਲੈਂਸ ਜਾਂਚ ਨੂੰ ਭਟਕਾਉਣ ਲਈ ਮੇਅਰ ਦੀ ਅਗਵਾਈ ਵਿਚ ਧਰਨਾ ਲਗਾਇਆ ਗਿਆ ਹੈ। ਉਹਨਾਂ ਆਖਿਆ ਕਿ ਅੱਜ ਤੋਂ ਸਾਲ ਪਹਿਲਾਂ ਠੇਕੇਦਾਰਾਂ ਨੇ ਹੜਤਾਲ ਕਰਕੇ ਲਿਖਤੀ ਤੌਰ ’ਤੇ ਕਮਿਸ਼ਨਰ ਨੂੰ ਪੱਤਰ ਦਿੱਤਾ ਸੀ ਕਿ ਮੇਅਰ ਨੀਤਿਕਾ ਭੱਲਾ ਦਾ ਪਤੀ ਦੀਪਕ ਭੱਲਾ ਉਹਨਾਂ ਤੋਂ ਕਮਿਸ਼ਨ ਲੈਣ ਲਈ ਤੰਗ ਪਰੇਸ਼ਾਨ ਕਰ ਰਿਹਾ ਹੈ।