Tense Situation In Moga: ਕਬਜ਼ਾ ਦਿਵਾਉਣ ਆਈ ਪੁਲਿਸ ਤਾਂ ਪੈ ਗਿਆ ਨਵਾਂ ਰੱਫੜ, ਲੋਕਾਂ ਨੇ ਕੀਤਾ ਵਿਰੋਧ ਤਾਂ ਬੈਰੰਗ ਮੁੜੀ ਪੁਲਿਸ ਮੋਗਾ:ਮੋਗਾ ਦੀ ਬਸਤੀ ਸਾਧਾਂ ਵਾਲੀ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਇੱਕ ਵਿਅਕਤੀ ਦੀ ਜਗ੍ਹਾ ਦਾ ਕਬਜ਼ਾ ਲੈਣ ਲਈ ਵੱਡੀ ਸੰਖਿਆ ਵਿੱਚ ਪੁਲਿਸ ਪਹੁੰਚ ਗਈ। ਪ੍ਰਸ਼ਾਸਨ ਅਤੇ ਅਦਾਲਤੀ ਅਮਲਾ ਵੀ ਮੌਕੇ ਉੱਤੇ ਸੀ। ਪਰ ਦੂਜੇ ਪਾਸੇ ਲੋਕਾਂ ਦੇ ਰੋਹ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪਿਆ। ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਚਰਚਾ ਬਣੀ ਹੋਈ ਹੈ।
ਅਦਾਲਤੀ ਹੁਕਮਾਂ ਉੱਤੇ ਪਹੁੰਚੇ ਅਧਿਕਾਰੀ:ਦਰਅਸਲ ਜਿਸ ਥਾਂ 'ਤੇ ਨਿਸ਼ਾਨ ਸਾਹਿਬ ਲਗਾਇਆ ਗਿਆ ਹੈ। ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਬਣ ਗਿਆ ਹੈ ਅਤੇ ਨਾਲ ਹੀ ਸਰਕਾਰੀ ਸਕੂਲ ਵੀ ਹੈ। ਫਿਲਹਾਲ ਪ੍ਰਬੰਧਕ ਕਮੇਟੀ ਦੇ ਦਖਲ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਖਾਲੀ ਹੱਥ ਪਰਤਣਾ ਪਿਆ। ਅਦਾਲਤ ਵਲੋਂ ਆਏ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਣਯੋਗ ਰਾਹੁਲ ਗਰਗ ਵੱਲੋਂ ਇਸ ਕੇਸ ਵਿੱਚ ਸ਼ਿਕਾਇਤਕਰਤਾ ਗੋਵਿੰਦ ਰਾਏ ਦੇ ਪਰਿਵਾਰ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਹੈ। ਇਸ ਕਾਰਨ ਉਹ ਉਨ੍ਹਾਂ ਨੂੰ ਕਬਜ਼ਾ ਦਵਾਉਣ ਆਏ ਹਨ। ਉਨ੍ਹਾਂ ਦੱਸਿਆ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਅਤੇ ਸਤਿਕਾਰ ਕਮੇਟੀ ਨੇ ਦਖ਼ਲ ਤੋਂ ਬਾਅਦ ਭਰੋਸਾ ਦਿੱਤਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੇ ਦਸਤਖ਼ਤਾਂ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਥੋਂ ਦੂਜੀ ਥਾਂ ਸੁਸ਼ੋਭਿਤ ਕੀਤਾ ਜਾਵੇਗਾ। ਉਦੋਂ ਤੱਕ ਇੱਥੇ ਤਾਲਾ ਨਹੀਂ ਲਗਾਇਆ ਜਾ ਸਕਦਾ।
ਲੋਕਾਂ ਨੇ ਮੰਗਿਆਂ ਅਦਾਲਤ ਤੋਂ ਸਮਾਂ:ਦੂਜੇ ਪਾਸੇ ਮੁਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਵਿੱਚ ਦਖਲ ਦੇ ਕੇ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਗੋਵਿੰਦ ਰਾਏ ਦੇ ਪਰਿਵਾਰ ਨੂੰ ਕਿਸੇ ਹੋਰ ਥਾਂ ’ਤੇ ਜਗ੍ਹਾ ਦੇਵੇ ਤਾਂ ਜੋ ਇਸ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਸਰਕਾਰੀ ਸਕੂਲ ਵੀ ਪਹਿਲਾਂ ਵਾਂਗ ਬਣਿਆ ਰਹੇ। ਇਸ ਮੌਕੇ ਸਿੱਖ ਆਗੂ ਬਲਕਾਰ ਸਿੰਘ ਨੇ ਵੀ ਇਸਦਾ ਵਿਰੋਧ ਕੀਤਾ ਹੈ।
ਇਹ ਵੀ ਪੜ੍ਹੋ:Ministers appear in court: ਸਪੀਕਰ ਕੁਲਤਾਰ ਸੰਧਵਾਂ ਤੇ 3 ਕੈਬਨਿਟ ਮੰਤਰੀ ਤਰਨਤਾਰਨ ਅਦਾਲਤ ਵਿੱਚ ਪੇਸ਼, ਜਾਣੋ ਕੀ ਹੈ ਮਸਲਾ
ਸ਼ਿਕਾਇਤਕਰਤਾ ਦੇ ਵਕੀਲ ਦੀ ਵੀ ਸੁਣੋ:ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਵਕੀਲ ਗੋਵਿੰਦ ਰਾਏ ਨੇ ਦੱਸਿਆ ਕਿ ਸਾਲ 1983 ਵਿੱਚ ਉਨ੍ਹਾਂ ਦੇ ਪਿਤਾ ਨੇ ਕੇਂਦਰ ਸਰਕਾਰ ਦੀ ਖੁੱਲ੍ਹੀ ਨਿਲਾਮੀ ਵਿੱਚ ਇਹ ਜਗ੍ਹਾ ਲੀਜ਼ ’ਤੇ ਲਈ ਸੀ। ਪਰ ਸਮੇਂ-ਸਮੇਂ 'ਤੇ ਕੁਝ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਇਸ ਨੂੰ ਗੁਰਦੁਆਰਾ ਸਾਹਿਬ ਬਣਾ ਦਿੱਤਾ ਅਤੇ ਬਾਅਦ 'ਚ ਇੱਥੇ ਨਿਸ਼ਾਨ ਸਾਹਿਬ ਲਗਾ ਕੇ ਪਹਿਲਾਂ ਮੰਦਰ, ਫਿਰ ਸਰਕਾਰੀ ਸਕੂਲ ਬਣਾ ਦਿੱਤਾ। ਅਤੇ ਕਈ ਸਾਲਾਂ ਦੀ ਲੰਬੀ ਲੜਾਈ ਤੋਂ ਬਾਅਦ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਅੱਜ ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਪੁਲਿਸ ਪ੍ਰਸ਼ਾਸਨ ਨੂੰ ਉਕਤ ਜਗ੍ਹਾ ਦਾ ਕਬਜ਼ਾ ਦਿਵਾਉਣ ਲਈ ਕਿਹਾ ਹੈ। ਉਨ੍ਹਾਂ ਇਸ ਸਬੰਧੀ ਪੁਲੀਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਆਸ ਪ੍ਰਗਟਾਈ।