ਮੋਗਾ ਦੇ ਪਿੰਡ ਖੋਸਾ ਕੋਟਲਾ 'ਚ ਚੱਲੀਆਂ ਗੋਲੀਆਂ, 2 ਦੀ ਮੌਤ ਮੋਗਾ: ਪੰਜਾਬ 'ਚ ਕਾਨੂੰਨ ਵਿਵਸਥਾ ਰੱਬ ਆਸਰੇ ਜਾਪਦੀ ਹੈ। ਇਸੇ ਕਾਰਨ ਆਏ ਦਿਨ ਕਤਲ ਦੀਆਂ ਖ਼ਬਰਾਂ ਸੁਰਖੀਆਂ ਬਣਦੀਆਂ ਹਨ। ਹੁਣ ਇੱਕ ਅਜਿਹੀ ਹੀ ਖ਼ਬਰ ਮੋਗਾ ਦੇ ਪਿੰਡ ਖੋਸਾ ਕੋਟਲਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਧਿਰਾਂ 'ਚ ਚੱਲੀਆਂ ਗੋਲੀਆਂ 'ਚ ਪਿੰਡ ਦੇ ਕਾਂਗਰਸੀ ਸਰਪੰਚ ਦੀ ਮੌਤ ਹੋ ਗਈ। ਜਿਸ ਕਾਰਨ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ। ਇਸ ਖੂਨੀ ਖੇਡ 'ਚ ਪਿੰਡ ਦੇ ਸਰਪੰਚ ਵੀਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਰਣਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਦੂਜੀ ਧਿਰ ਦੇ ਦੋ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ।
ਪੁਰਾਣੀ ਰੰਜਿਸ਼ ਦਾ ਮਾਮਲਾ:ਘਟਨਾ 'ਚ ਜ਼ਖਮੀ ਹੋਏ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਪੰਚ ਨਾਲ ਪੁਰਾਣੀ ਰੰਜਿਸ਼ ਸੀ। ਸਰਪੰਚ ਵੱਲੋਂ ਉਨ੍ਹਾਂ ਨੂੰ ਗੱਲਬਾਤ ਕਰਨ ਲਈ ਬੁਲਾਇਆ ਗਿਆ ਸੀ, ਜਦੋਂ ਉਹ ਗੱਲ ਕਰਨ ਲਈ ਗਏ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸੇ ਦੌਰਾਨ ਸਰਪੰਚ ਅਤੇ ਉਨ੍ਹਾਂ ਦੇ ਨਾਲ ਦੇ ਵਿਅਕਤੀ ਦੇ ਗੋਲੀ ਲੱਗੀ ਤੇ ਉਹਨਾਂ ਦੀ ਮੌਤ ਹੋ ਗਈ। ਜਦਕਿ ਦੋ ਵਿਅਕਤੀ ਜ਼ਖਮੀ ਹੋਏ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ।
ਮ੍ਰਿਤਕ ਦੇ ਪਰਿਵਾਰਕ ਮੈਂਬਰ ਦਾ ਬਿਆਨ:ਉਧਰ ਦੂਜੇ ਪਾਸੇ ਮ੍ਰਿਤਕ ਸਰਪੰਚ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਪੰਚ ਹਰ ਰੋਜ਼ ਸੈਰ ਕਰਨ ਲਈ ਜਾਂਦੇ ਸੀ ਤੇ ਉਹ ਅੱਜ ਵੀ ਸੈਰ ਕਰਨ ਲਈ ਗਏ ਤਾਂ ਕਿਸੇ ਦਾ ਫੋਨ ਆਇਆ ਕਿ ਵੀਰ ਸਿੰਘ ਨੂੰ ਸੱਟਾਂ ਲੱਗੀਆਂ ਹਨ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਹਨਾਂ ਨੂੰ ਹਸਪਤਾਲ ਲਿਜਾਉਣ ਲਈ ਗੱਡੀ 'ਚ ਪਾਇਆ ਜਾ ਰਿਹਾ ਸੀ ।
ਪੁਲਿਸ ਦਾ ਬਿਆਨ: ਇਸੇ ਮਾਮਲੇ 'ਚ ਮੋਗਾ ਦੇ ਐਸ.ਐਸ.ਪੀ ਜੇ. ਇਲਨਚੇਲੀਅਨ ਨੇ ਆਖਿਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਸੀ। ਜਿਸ ਤੋਂ ਤੁੰਰਤ ਬਾਅਦ ਉਨ੍ਹਾਂ ਵੱਲੋਂ ਘਟਨਾ ਵਾਲੀ ਥਾਂ ਦਾ ਆ ਕੇ ਜਾਇਜਾ ਲਿਆ ਗਿਆ। ਜਾਣਕਾਰੀ ਉਨ੍ਹਾਂ ਦੇ ਸਾਹਮਣੇ ਆਇਆ ਕਿ ਇਹ ਮਾਮਲਾ ਪੁਰਾਣੀ ਰੰਜ਼ਿਸ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਾਕਰੀ ਨੇ ਆਖਿਆ ਕਿ ਇਸ ਘਟਨਾ 'ਚ 2 ਵਿਅਤਕੀਆਂ ਦੀ ਮੌਤ ਹੋ ਗਈ ਹੈ, ਜਦਕਿ ਦੋ ਵਿਅਕਤੀ ਜ਼ਖਮੀ ਹਨ, ਜਿੰਨ੍ਹਾਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ। ਐਸ.ਐਸ.ਪੀ ਨੇ ਆਖਿਆ ਕਿ ਉਨ੍ਹਾਂ ਨੂੰ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਕੋਈ ਵੀ ਦੋਸ਼ੀ ਹੋਇਆ ੳੇੁਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।