Robbery in Moga: ਸੁਨਿਆਰੇ ਦੀ ਦੁਕਾਨ ਉਤੇ ਲੁੱਟ ਦੀ ਕੋਸ਼ਿਸ਼, ਲੁਟੇਰਿਆਂ ਨੇ ਮਾਲਕ ਉਤੇ ਕੀਤੇ ਫਾਇਰ, ਘਟਨਾ ਸੀਸੀਟੀਵੀ ਵਿੱਚ ਕੈਦ ਮੋਗਾ : ਜਿਲ੍ਹਾ ਮੋਗਾ ਵਿੱਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਰਾਮ ਗੰਜ ਮੰਡੀ ਵਿਖੇ ਇਕ ਸੁਨਿਆਰੇ ਦਾ ਸ਼ੋਅਰੂਮ ਲੁੱਟਣ ਆਏ ਲੁਟੇਰਿਆਂ ਨੇ ਸ਼ੋਅਰੂਮ ਦੇ ਮਾਲਿਕ ਉੱਤੇ ਫਾਇਰਿੰਗ ਕਰ ਦਿੱਤੀ। ਇਸ ਨਾਲ ਸ਼ੋਅਰੂਮ ਮਾਲਿਕ ਗੰਭੀਰ ਜ਼ਖਮੀ ਹੋ ਗਿਆ। ਗੰਭੀਰ ਹਾਲਤ ਵਿੱਚ ਇਸ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ ਹੈ। ਇਸ ਵਾਰਦਾਤ ਨਾਲ ਜੁੜੀ ਇਕ ਸੀਸੀਟੀਵੀ ਫੁਟੇਜ ਵੀ ਰਿਕਾਰਡ ਹੋਈ ਹੈ।
ਜਾਣਕਾਰੀ ਮੁਤਾਬਿਕ ਦੁਕਾਨ ਦਾ ਮਾਲਕ ਆਪਣੀ ਦੁਕਾਨ 'ਤੇ ਸੀ ਤਾਂ ਉਸ ਵੇਲੇ 5 ਵਿਅਕਤੀ ਦੁਕਾਨ ਵਿੱਚ ਦਾਖਿਲ ਹੋਏ ਅਤੇ ਇਨ੍ਹਾਂ ਵਿੱਚੋਂ 3 ਵਿਅਕਤੀਆਂ ਨੇ ਸੋਨੇ ਦੇ ਗਹਿਣੇ ਦੇਖਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਲੁਟੇਰਿਆਂ ਨੇ ਸ਼ੋਅਰੂਮ ਮਾਲਿਕ ਉੱਤੇ ਗੋਲੀ ਚਲਾ ਦਿੱਤੀ। ਇਸ ਨਾਲ ਸ਼ੋਅਰੂਮ ਦਾ ਮਾਲਿਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਲੁਧਿਆਣਾ ਕੀਤਾ ਗਿਆ ਸੀ। ਉਸਦੀ ਗੰਭੀਰ ਹਾਲਤ ਵਿੱਚ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਮੋਗਾ ਨੇ ਦੱਸਿਆ ਕਿ ਉਹ ਲੁੱਟ ਦੀ ਨੀਅਤ ਨਾਲ ਆਏ ਸਨ, ਪਹਿਲਾਂ ਸਾਮਾਨ ਦੇਖਣ ਲਈ ਬੈਠ ਗਏ ਅਤੇ ਫਿਰ ਗੋਲੀਆਂ ਚਲਾਈਆਂ।
ਪੁਲਿਸ ਦਾ ਬਿਆਨ :ਐਸਐਸਪੀ ਡੀ. ਏਲਨਚੇਜ਼ੀਅਨ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਲੁੱਟ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ। ਉਨ੍ਹਾਂ ਕਿਹਾ ਕਿ ਮੌਕੇ ਤੋਂ ਸੀਸੀਟੀਵੀ ਫੁਟੇਜ ਵੀ ਕਬਜੇ ਵਿੱਚ ਲੈ ਲਈ ਹੈ। ਉਨ੍ਹਾਂ ਕਿਹਾ ਕਿ ਦੁਕਾਨ ਮਾਲਕ ਦੇ ਗੋਲੀ ਲੱਗੀ ਹੈ। ਗੰਭੀਰ ਜ਼ਖਮੀ ਹੋਣ ਕਾਰਨ ਉਸ ਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੋਅਰੂਮ ਵਿੱਚ ਕਿੰਨੀ ਲੁੱਟ ਹੋਈ, ਇਹ ਹਾਲੇ ਜਾਂਚ ਦਾ ਵਿਸ਼ਾ ਹੈ।
ਅੱਜ ਅੰਮ੍ਰਿਤਸਰ ਵਿੱਚ ਵੀ ਹੋਈ ਸਾਢੇ 10 ਲੱਖ ਰੁਪਏ ਦੀ ਲੁੱਟ :ਦੱਸ ਦਈਏ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜ਼ਦੀਕ ਦਿਨ ਦਿਹਾੜੇ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰਿਆਂ ਵੱਲੋ ਅੱਖਾਂ ਵਿੱਚ ਮਿਰਚਾਂ ਪਾ ਕੇ ਇਹ ਲੁੱਟ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਦਿਨ ਦਿਹਾੜੇ ਇੱਕ ਪ੍ਰਾਈਵੇਟ ਕੰਪਨੀ ਦੇ ਪੈਸੈ ਇੱਕਠੇ ਕਰਨ ਵਾਲੇ ਇੱਕ ਨੌਜਵਾਨ, ਜੋਕੀ ਕੈਸ਼ ਇਕੱਠਾ ਕਰ ਰਿਹਾ ਸੀ, ਜਿਸ ਕੋਲੋ ਚਾਰ ਦੇ ਕਰੀਬ ਨੌਜਵਾਨਾਂ ਵੱਲੋਂ ਅੱਖਾਂ ਵਿੱਚ ਲਾਲ ਮਿਰਚਾਂ ਪਾਕੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਸਾਢੇ ਦੱਸ ਲੱਖ ਰੁਪਏ ਦੇ ਕਰੀਬ ਕੈਸ਼ ਲੁਟ ਕੇ ਫ਼ਰਾਰ ਹੋ ਗਏ। ਜਿੰਨੀ ਦੇਰ ਨੂੰ ਉਕਤ ਨੌਜਵਾਨ ਕੁਝ ਸਮਝ ਪਾਉਂਦਾ ਲੁਟੇਰੇ ਉਥੋਂ ਫਰਾਰ ਹੋ ਗਏ ਸੀ। ਇਸ ਘਟਨਾ ਮਗਰੋਂ ਨੌਜਵਾਨ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਅਧੀਕਾਰੀ ਵੀ ਮੌਕੇ ਉਤੇ ਪੁੱਜੇ। ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋ ਆਲੇ ਦੁਆਲੇ ਦੇ ਸਿਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।
ਲੁਧਿਆਣਾ ਕੈਸ਼ ਵੈਨ ਲੁੱਟ ਦਾ ਮਾਮਲਾ : ਬੀਤੇ ਦਿਨੀਂ ਲੁਧਿਆਣਾ ਵਿੱਚ ਹੋਈ ਕੈਸ਼ ਵੈਨ ਲੁੱਟ ਦੇ ਮਾਮਲੇ ਵਿੱਚ ਵੀ ਹਾਲੇ ਤਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਸ਼ਹਿਰ ਵਿੱਚੋਂ ਕੈਸ਼ ਵੈਨ ਲੁੱਟ ਹੋਣਾ ਪੁਲਿਸ ਲਈ ਇਕ ਵੱਡੀ ਚੁਣੌਤੀ ਹੈ। ਫਿਲਹਾਲ ਪੁਲਿਸ ਇਸ ਗੱਲ ਦੀ ਪੁਸ਼ਟੀ ਕਰ ਪਾਈ ਹੈ ਕਿ ਲੁੱਟ ਹੋਈ ਰਕਮ 8.49 ਲੱਖ ਰੁਪਏ ਹੈ। ਹਾਲਾਂਕਿ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮ ਜਲਦ ਹੀ ਸਲਾਖਾਂ ਪਿੱਛੇ ਹੋਣਗੇ।