ਮੋਗਾ: ਪੰਜਾਬ ਵਿੱਚ ਬੀਤੇ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਹਰ ਜ਼ਿਲ੍ਹੇ ਵਿੱਚ ਪਾਣੀ ਭਰ ਚੁੱਕਾ ਹੈ। ਪਹਾੜਾਂ ਤੋਂ ਲੈ ਕੇ ਮੈਦਾਨੀ ਖੇਤਰਾਂ ਤੱਕ ਮੀਂਹ ਦਾ ਕਹਿਰ ਜਾਰੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡਾਂ ਅੰਦਰ ਤਾਂ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਹਨ। ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਜਾ ਚੁੱਕਾ ਹੈ। ਉੱਥੇ ਹੀ, ਨੀਵੇਂ ਅਤੇ ਦਰਿਆਵਾਂ ਨਾਲ ਲੱਗਦੇ ਇਲਾਕਿਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜੇ ਗੱਲ ਕਰੀਏ ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਭਲੂਰ ਦੀ ਤਾਂ, ਇੱਥੇ ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ। ਦੋਹਾਂ ਜ਼ਿਲ੍ਹਿਆ ਦੇ ਪਿੰਡਾਂ ਨੂੰ ਆਪਸ ਵਿਚ ਜੋੜਦੀ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਤਹਿਤ ਬਣੀ ਸੜਕ ਮੀਂਹ ਦੇ ਪਾਣੀ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ।
ਸੜਕ 'ਚ 40 ਫੁੱਟ ਪਾੜ ਪਿਆ: ਜਦੋ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਦਾ ਪਿੰਡ ਭਲੂਰ ਤੋਂ ਫ਼ਰੀਦਕੋਟ ਨਾਲ ਸੰਪਰਕ ਹੈ ਤੇ ਮੀਂਹ ਕਾਰਨ ਪੁਲੀ ਦਾ ਰਸਤਾ ਜਿਆਦਾ ਛੋਟਾ ਹੋਣ ਕਰਕੇ, ਜਦੋ ਪਿੱਛੋਂ ਪਾਣੀ ਨੇ ਦਬਾਅ ਪਾਇਆ, ਤਾਂ ਪੁਲੀ ਟੁੱਟਣ ਕਰਕੇ ਉਸ ਦੇ ਨਾਲ ਸੜਕ ਵਿੱਚ ਵੀ 40 ਫੁੱਟ ਦ ਪਾੜ ਪੈ ਗਿਆ। ਉੱਥੇ ਹੀ ਕਿਸਾਨਾਂ ਦੀਆ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ, ਜੋ ਕਿਸਾਨਾਂ ਨੇ ਨਰਮਾ ਬੀਜਿਆ ਸੀ, ਉਹ ਵੀ ਖ਼ਰਾਬ ਹੋ ਗਿਆ। ਝੋਨੇ ਦਾ ਕਾਫੀ ਨੁਕਸਾਨ ਹੋਇਆ।