ਮੋਗਾ: ਘਾਟੀ ਵਿੱਚ ਲਗਾਤਾਰ ਹੋ ਰਹੀ ਸੀਜ਼ ਫ਼ਾਇਰ ਦੀ ਉਲੰਘਣਾ ਨੇ ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ ਕਰ ਦਿੱਤਾ। ਸ਼ਹੀਦ ਦੀ ਸ਼ਨਾਖ਼ਤ ਮੋਗਾ ਜ਼ਿਲ੍ਹੇ ਦੇ ਜਨੇਰ ਪਿੰਡ ਦੇ ਰਹਿਣ ਵਾਲੇ ਕਰਮਜੀਤ ਸਿੰਘ ਵਜੋਂ ਹੋਈ ਹੈ।
ਸਰਹੱਦ 'ਤੇ ਹੋਈ ਗੋਲੀਬਾਰੀ ਵਿੱਚ ਪੰਜਾਬ ਦਾ ਲਾਲ ਸ਼ਹੀਦ - jammu
ਪਾਕਿਸਤਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀਜ਼ਫਾਇਰ ਦੀ ਉਲੰਘਣਾ। ਰਾਜੋਰੀ ਦੇ ਸੁੰਦਰਬਨੀ ਇਲਾਕੇ ਚ ਹੋਈ ਗੋਲ਼ੀਬਾਰੀ ਵਿੱਚ ਪੰਜਾਬ ਦਾ ਜਵਾਨ ਕਰਮਜੀਤ ਹੋਇਆ ਸ਼ਹੀਦ।
ਜਾਣਕਾਰੀ ਮੁਤਾਬਕ ਕਰਮਜੀਤ ਸਿੰਘ ਰਾਜੋਰੀ ਜ਼ਿਲ੍ਹੇ ਦੀ ਸੁੰਦਰਬਨੀ ਇਲਾਕੇ ਵਿੱਚ ਐਲਓਸੀ ਤੇ ਤਾਇਨਾਤ ਸੀ। ਅੱਜ ਤੜਕਸਾਰ ਹੀ ਪਾਕਿਸਤਾਨ ਵੱਲੋਂ ਹੋਈ ਗੋਲ਼ੀਬਾਰੀ ਦੀ ਉਲੰਘਣਾ ਤੋਂ ਬਾਅਦ ਭਾਰਤੀ ਜਵਾਨਾਂ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਪਰ ਇਸ ਜਵਾਬੀ ਕਾਰਵਾਈ ਵਿੱਚ ਕਰਮਜੀਤ ਸਿੰਘ ਸਮੇਤ 4 ਹੋਰ ਜਵਾਨ ਜ਼ਖ਼ਮੀ ਹੋ ਗਏ।ਦੱਸਣਾ ਬਣਦਾ ਹੈ ਕਿ ਕਰਮਜੀਤ JK18 ਵਿੱਚ ਬਤੌਰ ਰਾਇਫ਼ਲਮੈਨ ਵਜੋਂ ਤਾਇਨਾਤ ਸੀ।
ਜ਼ਖ਼ਮੀਆਂ ਨੂੰ ਫ਼ੌਜ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਪਰ ਉੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਏ ਕਰਮਜੀਤ ਸਿੰਘ ਦੀ ਮੌਤ ਹੋ ਗਈ। ਕਰਮਜੀਤ ਸਿੰਘ ਦੀ ਮ੍ਰਿਤਕ ਦੇਹ ਛੇਤੀ ਹੀ ਉਸ ਦੇ ਪਿੰਡ ਪਹੁੰਚਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਕਰਮਜੀਤ ਸਿੰਘ ਦਾ ਭਰਾ ਸਵਰਨਜੀਤ ਸਿੰਘ ਪਿੰਡ ਵਿੱਚ ਖੇਤੀ ਬਾੜੀ ਕਰਦਾ ਹੈ ਅਤੇ ਕਰਮਜੀਤ ਸਿੰਘ ਦੀ ਇੱਕ ਭੈਣ ਹੈ ਜਿਸ ਦਾ ਵਿਆਹ ਪਹਿਲਾਂ ਹੀ ਚੁੱਕਿਆ ਹੈ। ਕਰਮਜੀਤ ਸਿੰਘ ਦੇ ਪਰਿਵਾਰ ਵਾਲਿਆ ਨੇ ਉਸ ਦੇ ਵਿਆਹ ਲਈ ਲੱਖਾਂ ਸੁਪਨੇ ਪਰੋਏ ਹੋਏ ਸਨ ਪਰ ਫ਼ੌਜ ਵੱਲੋਂ ਆਈ ਇਸ ਖ਼ਬਰ ਨੇ ਉਨ੍ਹਾਂ ਦੇ ਸੁਪਨੇ ਚੂਰੋ ਚੂਰ ਕਰ ਦਿੱਤੇ।