ਮੋਗਾ: ਹਾਈਟੈੱਕ ਪੁਲਿਸ ਥਾਣਿਆਂ ਦੀ ਗੱਲ ਕਰਨ ਵਾਲੀ ਪੰਜਾਬ ਸਰਕਾਰ ਦੇ ਥਾਣਿਆਂ ਦਾ ਬੁਰਾ ਹਾਲ ਹੈ। ਮੋਗਾ ਦੇ ਸਿਟੀ ਸਾਊਥ ਥਾਣੇ ਦਾ ਕੰਮ ਰੱਬ ਆਸਰੇ ਚੱਲ ਰਿਹਾ ਹੈ। ਥਾਣੇ ਵਿੱਚ ਵੱਖੋ-ਵੱਖ ਮਾਮਲਿਆਂ ਵਿੱਚ ਫੜੇ ਗਏ ਵਹੀਕਲ ਇੱਕ ਦੂਜੇ ਉਪਰ ਰੱਖੇ ਗਏ ਹਨ। ਥਾਣੇ ਦਾ ਰਕਬਾ ਤੰਗ ਹੋਣ ਕਰਕੇ ਬਹੁਤ ਸਾਰੇ ਮੋਟਰਸਾਈਕਲ ਅਤੇ ਗੱਡੀਆਂ ਥਾਣੇ ਤੋਂ ਬਾਹਰ ਵੀ ਖੜ੍ਹਾਏ ਗਏ ਹਨ।
ਤੁਹਾਨੂੰ ਦੱਸ ਦਈਏ ਕਿ ਇਸ ਥਾਣੇ ਵਿੱਚ ਜਿਸ ਕਮਰੇ ਵਿੱਚ ਮੁੱਖ ਥਾਣਾ ਅਫ਼ਸਰ ਬੈਠਦੇ ਹਨ ਉਸ ਦੀ ਛੱਤ ਵੀ ਬਿਲਕੁੱਲ ਡਿੱਗਣ ਵਾਲੀ ਹੈ। ਬਾਕੀ ਕਮਰਿਆਂ ਦਾ ਵੀ ਬੁਰਾ ਹਾਲ ਹੈ, ਕੰਧਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ। ਮੀਂਹ ਪੈਣ 'ਤੇ ਥਾਣੇ ਦੀ ਸਾਰੀ ਛੱਤ ਵਿੱਚੋਂ ਪਾਣੀ ਟਪਕਣ ਲੱਗ ਜਾਂਦਾ ਹੈ, ਜਿਸ ਨਾਲ ਬਹੁਤ ਸਾਰਾ ਕੀਮਤੀ ਰਿਕਾਰਡ ਗਲ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਥਾਣਾ ਇੱਕ ਨਿੱਜੀ ਸਕੂਲ ਦੀ ਜਗ੍ਹਾ 'ਤੇ ਚਲਾਇਆ ਜਾ ਰਿਹਾ ਹੈ ।
ਇਸ ਸਬੰਧੀ ਜਦੋਂ ਮੁੱਖ ਥਾਣਾ ਅਫ਼ਸਰ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਥਾਣੇ ਦੀ ਹਾਲਤ ਬਹੁਤ ਖਸਤਾ ਹੈ ਕਿਸੇ ਵੀ ਸਮੇਂ ਕੋਈ ਵੀ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਅਤੇ ਸਮੇਂ-ਸਮੇਂ ਤੇ ਆਲਾ ਅਧਿਕਾਰੀਆਂ ਨੂੰ ਲਿਖ ਚੁੱਕੇ ਹਾਂ ਇਸ ਸਬੰਧ ਵਿੱਚ ਜਲਦ ਹੀ ਕੋਈ ਕਾਰਵਾਈ ਕਰਦੇ ਹੋਏ ਥਾਣੇ ਨੂੰ ਕਿਸੇ ਸੁਰੱਖਿਅਤ ਜਗ੍ਹਾ 'ਤੇ ਬਦਲਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇਗੀ । ਸੁਰਜੀਤ ਸਿੰਘ ਨੇ ਦੱਸਿਆ ਕਿ ਹਵਾਲਾਤ ਦੇ ਛੱਤ ਨਾ ਹੋਣ ਕਰਕੇ ਕਈ ਵਾਰ ਕੈਦੀ ਭੱਜ ਵੀ ਚੁੱਕੇ ਹਨ ਪ੍ਰੰਤੂ ਕਿਰਾਏ ਦੀ ਬਿਲਡਿੰਗ ਹੋਣ ਕਰਕੇ ਸਕੂਲ ਵਾਲੇ ਇਸ ਉਪਰ ਛੱਤ ਨਹੀਂ ਬਣਾਉਣ ਦੇ ਰਹੇ।
ਇਹ ਵੀ ਪੜ੍ਹੋ : ਮੋਟਰ ਵਹੀਕਲ ਐਕਟ 2019 ਵਿੱਚ ਕੀਤਾ ਗਿਆ ਬਦਲਾਅ
ਇਸ ਸਬੰਧ ਵਿਚ ਜਦੋਂ ਐੱਸਪੀ ਰਤਨ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਥਾਣਾ ਸਿਟੀ ਸਾਊਥ ਦੀ ਹਾਲਤ ਬਹੁਤ ਖਸਤਾ ਹੈ । ਇਸ ਸਬੰਧ ਵਿੱਚ ਜਿੰਨੀ ਦੇਰ ਥਾਣੇ ਦੀ ਆਪਣੀ ਕੋਈ ਬਿਲਡਿੰਗ ਨਹੀਂ ਬਣ ਜਾਂਦੀ ਉਨ੍ਹਾਂ ਸਮਾਂ ਕਿਸੇ ਹੋਰ ਸੁਰੱਖਿਅਤ ਕਿਰਾਏ ਦੀ ਜਗ੍ਹਾ 'ਤੇ ਥਾਣੇ ਨੂੰ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਥਾਣੇ ਲਈ ਕਿਸੇ ਹੋਰ ਬਿਲਡਿੰਗ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਕੰਮ ਨੂੰ ਇੱਕ ਦੋ ਹਫ਼ਤੇ ਵਿੱਚ ਪੂਰਾ ਕਰ ਲਿਆ ਜਾਵੇਗਾ।