ਮੋਗਾ ਤੋਂ 'ਆਪ' ਵਿਧਾਇਕ ਅਮਨਦੀਪ ਕੌਰ ਅਰੋੜਾ ਖਿਲਾਫ ਰੋਸ ਪ੍ਰਦਰਸ਼ਨ ਮੋਗਾ:ਮਹਿੰਦਰਪਾਲ ਲੂੰਬਾ ਦੀ ਰੰਜਿਸ਼ ਤਹਿਤ ਬਦਲੀ ਕਰਾਉਣ ਵਾਲੀ ਐਮ ਐਲ ਏ ਅਮਨਦੀਪ ਕੌਰ ਅਰੋੜਾ ਦੇ ਖਿਲਾਫ ਉਹਨਾਂ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਗਿਆ। ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਅਤੇ ਸਿਵਲ ਹਸਪਤਾਲ ਦੇ ਐਸ ਐਮ ੳ ਸੁਖਪ੍ਰੀਤ ਸਿੰਘ ਬਰਾੜ ਦੀ ਭ੍ਰਿਸ਼ਟਾਚਾਰ ਖਿਲਾਫ ਆਵਾਜ ਚੁੱਕਣ, ਪਿਛਲੇ ਦਿਨੀਂ ਲਗਾਏ ਖੂਨ ਦਾਨ ਕੈਂਪ ਵਿੱਚ ਨਾ ਬਲਾਉਣ ਕਰਕੇ ਹੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਰੰਜਿਸ਼ ਦੇ ਤਹਿਤ ਮਹਿੰਦਰ ਪਾਲ ਲੂੰਬਾ ਦੀ ਬਦਲੀ ਕਰਵਾਈ ਹੈ।
ਲਗਾਤਾਰ ਵੱਧ ਰਿਹਾ ਮਾਮਲਾ:ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਸਿਹਤ ਮੰਤਰੀ ਪੰਜਾਬ ਵੱਲੋਂ ਇਸ ਮਸਲੇ ਨੂੰ ਸਹੀ ਢੰਗ ਨਾਲ ਨਜਿੱਠਣ ਦੀ ਬਜਾਏ ਬਦਲੇ ਦੀ ਭਾਵਨਾ ਨਾਲ ਦਿਨ-ਬ-ਦਿਨ ਵਿਗਾੜਿਆ ਜਾ ਰਿਹਾ ਹੈ ਪਰ ਸਿਵਲ ਹਸਪਤਾਲ 'ਚ ਏ ਸੀ, ਫਰਿੱਜ, ਐਂਬੂਲੈਂਸ ਦੇ ਡਰਾਈਵਰ ਦੀ ਦੁਰਵਰਤੋਂ ਸਮੇਤ ਹੋਰ ਲੱਖਾਂ ਰੁਪਏ ਦੇ ਘਪਲਿਆਂ ਬਾਰੇ ਮੌਨ ਧਾਰ ਰੱਖਿਆ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਸ ਦੇ ਆਹੁਦੇਦਾਰ ਹੁਣ ਇਸ ਬਾਰੇ ਪ੍ਰੈਸ ਕਾਨਫਰੰਸਾਂ ਕਿਉਂ ਨਹੀਂ ਕਰਦੇ।
ਅਸਲ ਜਾਂਚ ਹਾਲੇ ਜਾਰੀ: ਉਹਨਾਂ ਕਿਹਾ ਕਿ ਹਸਪਤਾਲ ਦੇ ਏ.ਸੀ ਦੀ ਸਿਰਫ ਮੀਡੀਆ ਵਿੱਚ ਗੱਲ ਉੱਡੀ ਹੈ ਕਿ ਐਮ ਐਲ ਏ ਤੇ ਐਸ ਐਮ ੳ ਨੂੰ ਕਲਿਨ ਚਿੱਟ ਮਿਲ ਚੁੱਕੀ ਹੈ ਪਰ ਅਸਲ 'ਚ ਹਾਲੇ ਜਾਂਚ ਚੱਲ ਰਹੀ ਹੈ। ਚਾਰ ਏ ਸੀ ਜੋ ਇੱਕ ਮੀਡੀਆ ਚੈਨਲ ਰਾਹੀਂ ਹਸਪਤਾਲ ਵਿੱਚ ਲੱਗੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਹ ਹਸਪਤਾਲ ਦੇ ਸਟਾਕ ਰਜਿਸਟਰ ਵਿੱਚ ਦਰਜ ਹੀ ਨਹੀਂ ਹੈ। ਹਸਪਤਾਲ ਦੀ ਐਂਬੂਲੈਂਸ ਦਾ ਡਰਾਈਵਰ ਮਸਲਾ ਵਧਣ 'ਤੇ ਹੀ ਐਮ ਐਲ ਏ ਦੇ ਘਰੋਂ ਵਾਪਿਸ ਹਸਪਤਾਲ ਬੁਲਾਇਆ ਗਿਆ ਹੈ। ਇਸ ਦੀ ਜਾਂਚ ਕਰਕੇ ਐਸ ਐਮ ੳ ਤੇ ਐਮ ਐਲ ਏ ਖਿਲਾਫ ਕਾਰਵਾਈ ਕੌਣ ਕਰੇਗਾ। ਉਹਨਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਗੁਲੂਕੋਜ ਹੀ ਨਹੀਂ ਮਿਲਦਾ, ਦਵਾਈਆਂ, ਡਾਕਟਰਾਂ ਦੀ ਘਾਟ ਹੈ, ਸਫਾਈ ਦਾ ਬੁਰਾ ਹਾਲ ਹੈ।
ਆਵਾਜ਼ ਚੁੱਕਣ ਵਾਲਿਆਂ ਨੂੰ ਮਿਲ ਰਹੀਆਂ ਧਮਕੀਆਂ: ਉਹਨਾਂ ਕਿਹਾ ਕਿ ਐਮ ਐਲ ਦੇ ਘਰ ਵੱਲ ਜਾਣ 'ਤੇ ਐਸ ਪੀ ਐਚ ਸੰਘਰਸ਼ ਕਮੇਟੀ ਦੇ ਕਨਵੀਨਰ ਇੰਦਰਵੀਰ ਗਿੱਲ, ਕਰਮਜੀਤ ਮਾਣੂੰਕੇ ਤੇ ਮਹਿੰਦਰਪਾਲ ਲੂੰਬਾ ਨੂੰ ਪਰਚੇ ਦਰਜ ਕਰਨ, ਲਾਠੀਚਾਰਜ ਕਰਨ ਦੀਆਂ ਧਮਕੀਆਂ ਦੇਣ ਦੀ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਸਖਤ ਲਫਜਾਂ ਵਿੱਚ ਨਿਖੇਧੀ ਕਰਦੀ ਹੈ। ਨੇਚਰ ਪਾਰਕ ਮੋਗਾ ਤੋਂ ਐਮ ਐਲ ਏ ਅਰੋੜਾ ਦੇ ਘਰ ਵੱਲ ਜਾ ਰਹੀ ਰੈਲੀ ਨੂੰ ਪੁਲਸ ਨੇ ਸ਼ਹੀਦੀ ਪਾਰਕ ਨੇੜੇ ਰੋਕ ਲਿਆ, ਜੱਥੇਬੰਦੀਆਂ ਵੱਲੋਂ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਜਲਦ ਬਦਲੀ ਰੱਦ ਕਰਵਾਈ ਜਾਵੇਗੀ ਅੱਜ ਹੀ ਸ਼ਾਮ 5 ਵਜੇ ਡੀਸੀ ਸਾਹਿਬ ਨਾਲ ਮੀਟਿੰਗ ਕਰਵਾਈ ਜਾਵੇਗੀ।
ਐੱਮ.ਐੱਲ.ਏ. ਨੇ ਬਣਾਇਆ ਹਿੰਡ ਦਾ ਮਾਮਲਾ: ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਐਮ ਐਲ ਏ ਅਮਨਦੀਪ ਕੌਰ ਅਰੋੜਾ, ਉਹਨਾਂ ਦੇ ਪਤੀ ਰਾਕੇਸ਼ ਅਰੋੜਾ ਇਸ ਮਸਲੇ ਨੂੰ ਹਿੰਡ ਦਾ ਮਸਲਾ ਬਣਾ ਰਹੇ ਹਨ। ਮਹਿੰਦਰਪਾਲ ਲੂੰਬਾ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ, ਸਿਵਲ ਹਸਪਤਾਲ ਮੋਗਾ 'ਚ ਚੱਲ ਰਹੇ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ, ਸਿਹਤ ਸਹੂਲਤਾਂ ਠੀਕ ਕੀਤੀਆਂ ਜਾਣ। ਜੇਕਰ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ। ਡਾ ਇੰਦਰਵੀਰ ਗਿੱਲ ਨੇ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ 42 ਜੱਥੇਬੰਦੀਆਂ ਦਾ ਧੰਨਵਾਦ ਕੀਤਾ।