ਮੋਗਾ:ਪੰਜਾਬ ਪੁਲਿਸ ਅਕਸਰ ਹੀ ਚਰਚਾ 'ਚ ਰਹਿੰਦੀ ਹੈ ਕਾਰਨ ਭਾਵੇਂ ਕੋਈ ਹੋਵੇ। ਇੱਕ ਵਾਰ ਫਿਰ ਮੋਗਾ ਦੇ ਧਰਮਕੋਟ 'ਚ ਪੁਲਿਸ 'ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗੇ ਹਨ। ਇਨ੍ਹਾਂ ਹੀ ਨਹੀਂ ਗੁੰਡਾਗਰਦੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।ਢਾਬਾ ਮਾਲਕਾਂ ਵੱਲੋਂ ਪੁਲਿਸ ਪਾਰਟੀ 'ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਸਿਵਲ ਕੱਪੜਿਆਂ 'ਚ ਪੁਲਿਸ ਵਾਲੇ ਢਾਬੇ 'ਤੇ ਆਉਂਦੇ ਹਨ ਨਮਕੀਮ ਲੈਂਦੇ ਹਨ। ਜਦੋਂ ਉਨ੍ਹਾਂ ਕੋਲੋ ਪੈਸੇ ਮੰਗੇ ਗਏ ਤਾਂ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਢਾਬਾ ਮਾਲਕ ਦੀ ਧੀ ਰਜਨੀ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਮੁਲਾਜ਼ਮ ਦਾਰੂ ਨਾਲ ਇਸ ਕਦਰ ਰੱਜੇ ਹੋਏ ਸਨ ਕਿ ਉਨ੍ਹਾਂ ਦੇ ਪੈਰ ਧਰਤੀ 'ਤੇ ਨਹੀਂ ਲੱਗ ਰਹੇ ਸਨ। ਪੈਸੇ ਮੰਗਣ 'ਤੇ ਉਨ੍ਹਾਂ ਨੇ ਮੇਰੇ ਭਰਾ, ਪਿਤਾ, ਮਾਂ ਅਤੇ ਭੈਣ ਨਾਲ ਬਤਜ਼ੀਮੀ ਕੀਤੀ। ਰਜਨੀ ਨੇ ਆਖਿਆ ਕਿ ਇਨ੍ਹਾਂ ਨੇ ਸਾਡੇ ਤੋਂ ਗੱਡੀਆਂ ਦੇ ਕਾਗਜ਼ ਮੰਗੇ ਜੋ ਅਸੀਂ ਦਿਖਾਉਣ ਤੋਂ ਇਨਕਾਰ ਦਿੱਤਾ ਕਿਉਂਕਿ ਉਹ ਸਿਵਲ ਵਰਦੀ 'ਚ ਸਨ। ਜਿਸ ਤੋਂ ਬਾਅਦ ਉਹ ਕੱਟਮਾਰ 'ਤੇ ਉਤਰ ਆਉਂਦੇ ਹਨ।
ਸੀਸੀਟੀਵੀ 'ਚ ਘਟਨਾ ਕੈਦ: ਰਜਨੀ ਨੇ ਆਗਿਆ ਦੱਸਿਆ ਕਿ ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ, ਜਿਸ ਤੋਂ ਬਾਅਦ ਇਹ ਵੀਡੀਓ ਉਸ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਹੈ ਜਿਸ 'ਚ ਪੁਲਿਸ ਮੁਲਾਜ਼ਮਾਂ ਦੀ ਗੁੰਡਾਗਰਦੀ ਸਾਫ਼ ਨਜ਼ਰ ਆ ਰਹੀ ਹੈ ਕਿ ਉਹ ਆਮ ਲੋਕਾਂ ਨਾਲ ਕਿਵੇਂ ਧੱਕਾ ਕਰਦੇ ਹਨ। ਉਨ੍ਹਾਂ ਅੱਗੇ ਆਖਿਆ ਕਿ ਸਾਡੇ 'ਤੇ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ ਕਿ ਅਸੀਂ ਤੇਲ ਵੇਚਦੇ ਹਾਂ ਜਦਕਿ ਸਾਡੇ ਕੋਲ ਤੇਲ ਦੀਆਂ ਪਰਚੀਆਂ ਹਨ, ਖੇਤੀ ਤੇ ਹੋਟਲ ਦਾ ਕੰਮ ਹੋਣ ਕਾਰਨ ਸਾਡੇ ਕੋਲ ਤੇਲ ਰਹਿੰਦਾ ਹੀ ਹੈ। ਇਸ ਸਾਰੀ ਘਟਨਾ ਤੋਂ ਬਾਅਦ ਰਜਨੀ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਅਸੀਂ ਐੱਮ.ਐੱਲ਼.ਏ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ। ਰਜਨੀ ਨੇ ਸਾਫ਼ ਸ਼ਬਦਾਂ ਚ' ਕਿਹਾ ਕਿ ਅਸੀਂ ਕਿਸੇ ਨਾਲ ਕੋਈ ਵੀ ਰਾਜੀਨਾਮਾ ਨਹੀਂ ਕਰਨਾ, ਜਿੰਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਸਾਡੇ ਨਾਲ ਧੱਕਾ ਕੀਤਾ ਹੈ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।