ਮੋਗਾ: ਥਾਣਾ ਧਰਮਕੋਟ ਅਧੀਨ ਪਿੰਡ ਜਲਾਲਾਬਾਦ ਪੂਰਬੀ ਵਿਖੇ ਸ਼ਨੀਵਾਰ ਰਾਤ ਕਰੀਬ 12 ਵਜੇ ਕਰਫ਼ਿਊ ਦੌਰਾਨ ਫ਼ੌਜੀ ਵਰਦੀ ’ਚ ਖੜੇ 4 ਨੌਜਵਾਨਾਂ ਨੇ ਵਧੀਕ ਐਸ.ਐਚ.ਓ. ਅਤੇ ਹੋਮਗਾਰਡ ’ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਹਮਲਾਵਰ ਥਾਣੇਦਾਰ ਦੀ ਏ.ਕੇ.47 ਰਾਈਫਲ ਖੋਹ ਕੇ ਫ਼ਰਾਰ ਹੋ ਗਏ।
ਜਾਣਕਾਰੀ ਮੁਤਾਬਕ ਹਮਲਾਵਰਾਂ ਦੀ ਪਹਿਚਾਣ ਹੋ ਗਈ ਅਤੇ ਪੁਲਿਸ ਵੱਲੋਂ ਉਨ੍ਹਾਂ ਦੇ ਘਰਾਂ ਦੀ ਛਾਪੇਮਾਰੀ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ 3 ਮਹੀਨਿਆਂ ਵਿੱਚ ਮੋਗਾ ਜ਼ਿਲ੍ਹੇ ਵਿੱਚ ਇਹ ਪੁਲਿਸ ਉੱਤੇ ਦੂਜਾ ਵੱਡਾ ਹਮਲਾ ਹੈ। ਡੀ.ਐਸ.ਪੀ. ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਹਮਲਾਵਾਰਾਂ ਦੀ ਪਹਿਚਾਣ ਇੰਦਰਜੀਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸਾ, ਜੋ ਕਿ ਸਾਰੇ ਪਿੰਡ ਜਲਾਲਾਬਾਦ ਪੂਰਬੀ ਦੇ ਵਾਸੀ ਹਨ, ਵਜੋਂ ਹੋਈ ਹੈ।