ਮੋਗਾ: ਵਿਆਹ ਸਮਾਗਮ 'ਚ ਗੋਲੀ ਚਲਣ ਨਾਲ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਮ੍ਰਿਤਕ ਦਾ ਪਰਿਵਾਰ ਇਨਸਾਫ਼ ਲਈ ਧਰਨੇ 'ਤੇ ਬੈਠਾ ਹੋਇਆ ਹੈ। ਪੀੜਤ ਪਰਿਵਾਰ ਨਾਲ ਮਿਲਣ ਪੁੱਜੇ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ 'ਤੇ ਭੜਕੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਗੁੱਸੇ 'ਚ ਲੋਕਾਂ ਨੇ ਵਿਧਾਇਕ ਦੀ ਗੱਡੀ ਦੀ ਭੰਨ ਤੋੜ ਕੀਤੀ।
ਜਾਣਕਾਰੀ ਮੁਤਾਬਕ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜਦੋਂ ਹਸਪਤਾਲ 'ਚ ਪੀੜਤ ਪਰਿਵਾਰ ਨੂੰ ਮਿਲਣ ਪੁੱਜੇ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਧਰਨਾ ਚੱਕ ਕੇ ਮ੍ਰਿਤਕ ਨੌਜਵਾਨ ਦਾ ਸਸਕਾਰ ਕੀਤਾ ਜਾਵੇ। ਵਿਧਾਇਕ ਦੀ ਇਸ ਗੱਲ ਤੋਂ ਬਾਅਦ ਭੜਕੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ਤੋਂ ਬਚ ਨਿਕਲੇ। ਪਰ, ਗੁੱਸੇ 'ਚ ਆਏ ਲੋਕਾਂ ਨੇ ਵਿਧਾਇਕ ਦੀ ਗੱਡੀ ਦੀ ਭੰਨ ਤੋੜ ਕੀਤੀ।
ਦੱਸਣਯੋਗ ਹੈ ਕਿ ਧਰਨੇ 'ਤੇ ਬੈਠੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ ਹਨ। ਪਰਿਵਾਰ ਨੇ ਦੋਸ਼ ਲਾਉਦੇ ਹੋਏ ਕਿਹਾ ਕਿ ਪੁਲਿਸ ਵਾਲੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਹ ਇਨਸਾਫ਼ ਦੀ ਮੰਗ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰਦੀ, ਉਹ ਪੋਸਟ ਮਾਰਟਮ ਨਹੀਂ ਕਰਵਾਉਣਗੇ।
ਕੀ ਹੈ ਮਾਮਲਾ ?
ਬੀਤੀ ਸ਼ਨੀਵਾਰ ਦੀ ਰਾਤ ਨੂੰ ਇੱਕ ਵਿਆਹ ਸਮਾਗਮ 'ਚ ਡੀ.ਜੇ. ਬੰਦ ਕਰਨ ਤੋਂ ਬਾਅਦ ਡੀ.ਜੇ. ਮੁੜ ਸ਼ੁਰੂ ਕਰਨ ਨੂੰ ਲੈ ਕੇ ਵਿਆਹ 'ਚ ਆਏ ਇੱਕ ਨਸ਼ੇ 'ਚ ਧੂਤ ਰਿਸ਼ਤੇਦਾਰ ਵੱਲੋਂ ਚਲਾਈ ਗੋਲੀ ਨੌਜਵਾਨ ਨੂੰ ਜਾ ਲਗੀ। ਨੌਜਵਾਨ ਦੇ ਸੀਨੇ 'ਤੇ ਗੋਲੀ ਲੱਗਣ ਕਾਰਨ ਉਹ ਡਿੱਗ ਪਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਲੈ ਜਾਇਆ, ਜਿੱਥੇ ਡੇਢ ਘੰਟੇ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।