ਮੋਗਾ: ਸ਼ਹਿਰ ਦੇ ਇੱਕ ਨਾਮੀ ਹਸਪਤਾਲ 'ਚ ਇਲਾਜ ਦੌਰਾਨ ਇੱਕ ਮਰੀਜ਼ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਹਸਪਤਾਲ ਦੇ ਡਾਕਟਰ ਤੇ ਸਟਾਫ ਉੱਤੇ ਲਾਪਰਵਾਹੀ ਕਰਨ ਦੇ ਦੋਸ਼ ਲਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਲਾਜ ਦੌਰਾਨ ਹੋਈ ਮਰੀਜ਼ ਦੀ ਮੌਤ, ਹਸਪਤਾਲ 'ਤੇ ਲੱਗਾ ਲਾਪਰਵਾਹੀ ਦਾ ਦੋਸ਼ - ਸਖ਼ਤ ਕਰਾਵਾਈ ਦੀ ਮੰਗ
ਮੋਗਾ 'ਚ ਇੱਕ ਨਾਮੀ ਹਸਪਤਾਲ 'ਚ ਮਰੀਜ਼ ਦੇ ਇਲਾਜ ਦੌਰਾਨ ਲਾਪਰਵਾਹੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਜ ਦੌਰਾਨ ਮਰੀਜ਼ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ 45 ਸਾਲਾ ਬਲਵਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਬਲਵਿੰਦਰ ਨੂੰ ਬੁਖ਼ਾਰ ਦੀ ਸ਼ਿਕਾਇਤ ਸੀ। ਉਹ ਉਸ ਨੂੰ ਸਵੇਰੇ 8 ਵਜੇ ਦੇ ਕਰੀਬ ਚੈਕਅਪ ਲਈ ਹਸਪਤਾਲ ਲਿਆਂਦਾ ਗਿਆ ਸੀ। ਚੈਕਅਪ ਤੋਂ ਬਾਅਦ ਡਾਕਟਰ ਨੇ ਉਸ ਨੂੰ ਕੋਈ ਗ਼ਲਤ ਇੰਜੈਕਸ਼ਨ ਲਾ ਦਿੱਤਾ। ਇੰਜੈਕਸ਼ਨ ਲਾਉਣ ਦੇ ਕੁੱਝ ਮਿੰਟਾਂ ਮਗਰੋਂ ਬਲਵਿੰਦਰ ਸਿੰਘ ਦੀ ਮੌਤ ਹੋ ਗਈ। ਇਸ ਤੋਂ ਬਾਅਦ ਵੱਡੀ ਗਿਣਤੀ 'ਚ ਪਿੰਡ ਵਾਸੀ ਹਸਪਤਾਲ ਪੁਜੇ, ਉਨ੍ਹਾਂ ਨੇ ਡਾਕਟਰ 'ਤੇ ਇਲਾਜ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਲਾਏ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਹਸਪਤਾਲ ਤੇ ਡਾਕਟਰ ਵਿਰੁੱਧ ਸਖ਼ਤ ਕਰਾਵਾਈ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਸੂਚਨਾ ਮਿਲਣ ਤੋਂ ਬਾਅਦ ਸਥਾਨਕ ਥਾਣੇ ਦੇ ਇੰਚਾਰਜ ਗੁਰਪ੍ਰੀਤ ਸਿੰਘ ਮੌਕੇ 'ਤੇ ਪੁਜੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਰੀਜ਼ ਦੇ ਪਰਿਵਾਰ ਵਾਲਿਆਂ ਵੱਲੋਂ ਮਰੀਜ਼ ਦੇ ਇਲਾਜ ਦੌਰਾਨ ਲਾਪਰਵਾਹੀ ਕੀਤੇ ਜਾਣ ਦੇ ਦੋਸ਼ ਲਾਏ ਹਨ, ਜਦਕਿ ਡਾਕਟਰਾਂ ਮੁਤਾਬਕ ਮਰੀਜ਼ ਦਾ ਸ਼ੁਗਰ ਲੈਵਲ ਘੱਟ ਹੋਣ ਦੇ ਕਾਰਨ ਉਸ ਦੀ ਮੌਤ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਧਾਰਾ -174 ਤਹਿਤ ਮਾਮਲੇ ਦੀ ਜਾਂਚ ਜਾਰੀ ਹੈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।