ਮੋਗਾ:ਕੋਵਿਡ 19 ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 50 ਹਜ਼ਾਰ ਰੁਪਏ ਐਕਸ ਗਰੇਸ਼ੀਆ ਰਾਸ਼ੀ ਦਿੱਤੀ ਜਾ ਰਹੀ ਹੈ। ਜਿਸ ਲਈ ਯੋਗ ਪਰਿਵਾਰਾਂ ਨੂੰ ਤੁਰੰਤ ਅਪਲਾਈ ਕਰਨਾ ਚਾਹੀਦਾ ਹੈ। ਇਸ ਲਈ ਅਪਲਾਈ ਕਰਨ ਲਈ ਹੁਣ ਨਵੀਂ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਪਰਿਵਾਰਿਕ ਮੈਂਬਰ ਦੀ ਕੋਰੋਨਾ ਕਾਰਨ ਮੌਤ 20 ਮਾਰਚ, 2022 ਤੱਕ ਜਾਂ ਪਹਿਲਾਂ ਹੋਈ ਹੈ ਤਾਂ ਉਹ ਮੌਤ ਵਾਲੇ ਦਿਨ ਤੋਂ 60 ਦਿਨਾਂ ਦੇ ਅੰਦਰ ਅੰਦਰ ਪ੍ਰਤੀ ਬੇਨਤੀ ਦੇ ਸਕਦੇ ਹਨ। ਜੇਕਰ ਮੌਤ 20 ਮਾਰਚ, 2022 ਤੋਂ ਬਾਅਦ ਹੋਈ ਹੈ ਤਾਂ ਪ੍ਰਤੀ ਬੇਨਤੀ ਮੌਤ ਵਾਲੇ ਦਿਨ ਤੋਂ 90 ਦਿਨਾਂ ਦੇ ਅੰਦਰ ਅੰਦਰ ਦਿੱਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਬਿਮਾਰੀ ਕਾਰਨ ਮਾਰੇ ਗਏ ਜ਼ਿਲ੍ਹਾ ਮੋਗਾ ਦੇ ਜ਼ਿਆਦਾਤਰ ਵਿਅਕਤੀਆਂ ਦੇ ਪਰਿਵਾਰਾਂ ਨੇ ਇਹ ਰਾਸ਼ੀ ਪ੍ਰਾਪਤ ਕਰਨ ਲਈ ਅਪਲਾਈ ਕਰ ਦਿੱਤਾ ਹੈ, ਜਿੰਨ੍ਹਾਂ ਵਿੱਚੋਂ ਬਹੁਤੇ ਪਰਿਵਾਰਾਂ ਨੂੰ ਇਹ ਰਾਸ਼ੀ ਮਿਲ ਵੀ ਚੁੱਕੀ ਹੈ। ਜਦਕਿ ਬਾਕੀ ਰਹਿੰਦੇ ਕੁਝ ਪਰਿਵਾਰਾਂ ਨੇ ਹਾਲੇ ਸੰਪਰਕ/ਅਪਲਾਈ ਨਹੀਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਯੋਗ ਪਰਿਵਾਰ http://covidexgratia.punjab.gov.in ਵੈੱਬ ਪੋਰਟਲ ਉੱਤੇ ਜਾਂ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਕਮੇਟੀ ਕੋਲ ਸਿੱਧੇ ਤੌਰ ਉੱਤੇ ਅਪਲਾਈ ਕਰ ਸਕਦੇ ਹਨ। ਕਮੇਟੀ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ, ਮੁੱਖ ਮੈਡੀਕਲ ਅਫ਼ਸਰ ਅਤੇ ਵਧੀਕ ਮੁੱਖ ਮੈਡੀਕਲ ਅਫ਼ਸਰ ਮੋਗਾ ਨੂੰ ਸ਼ਾਮਿਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਸਬੰਧਤ ਐੱਸ ਡੀ ਐੱਮ ਦਫ਼ਤਰ ਵਿਖੇ ਆਫ਼ਲਾਈਨ ਅਰਜ਼ੀ ਵੀ ਦਿੱਤੀ ਜਾ ਸਕਦੀ ਹੈ। ਲੋਕਾਂ ਦੀ ਸਹੂਲਤ ਲਈ ਆਨ ਲਾਈਨ ਵੈਬ ਪੋਰਟਲ ਚਾਲੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਜੇਲ੍ਹ ਵਿਭਾਗ ਦੀ ਵੱਡੀ ਕਾਰਵਾਈ, ਵਿਸ਼ੇਸ਼ ਮੁਹਿੰਮ ਤਹਿਤ ਜੇਲ੍ਹਾਂ ਵਿੱਚੋਂ 351 ਮੋਬਾਈਲ ਅਤੇ 207 ਸਿਮ ਕਾਰਡ ਬਰਾਮਦ