ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਮੋਗਾ: ਬਰਤਾਨੀਆ ਸਥਿਤ ਭਾਰਤੀ ਦੂਤਾਵਾਸ ਵਿੱਚ ਤਿਰੰਗੇ ਦਾ ਅਪਮਾਨ ਕਰਨ ਵਾਲੇ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਦੀ 15 ਜੂਨ 2023 ਨੂੰ ਲੰਡਨ ਦੇ ਹਸਪਤਾਲ ਵਿੱਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸੰਗਰੂਰ ਤੋਂ ਸਾਂਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅੱਜ ਐਤਵਾਰ ਨੂੰ ਮੋਗਾ ਵਿਖੇ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਅਵਤਾਰ ਸਿੰਘ ਖੰਡਾ ਨੂੰ ਅਜਿਹੀ ਕੋਈ ਜ਼ਹਿਰਲੀ ਚੀਜ਼ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਅਵਤਾਰ ਸਿੰਘ ਖੰਡਾ ਦੇ ਪਰਿਵਾਰ ਨੂੰ ਪੁਲਿਸ ਤੰਗ ਕਰ ਰਹੀ:-ਇਸ ਮੌਕੇ ਗੱਲਬਾਤ ਕਰਦਿਆ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਦੇ ਭਾਈ ਅੰਮ੍ਰਿਤਪਾਲ ਸਿੰਘ ਰੂਪ ਪੋਸ਼ ਹੋਏ ਹਨ, ਉਦੋਂ ਤੋਂ ਹੀ ਬਾਅਦ ਅਵਤਾਰ ਖੰਡਾ ਦੀ ਮਾਂ ਤੇ ਭੈਣ ਨੂੰ ਪੁਲਿਸ ਵਲੋਂ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਮੈਂ ਮੋਗਾ ਦੇ ਐੱਸ.ਐੱਸ.ਪੀ ਨਾਲ ਵੀ ਗੱਲ ਕੀਤੀ ਸੀ ਕਿ ਇਸ ਤਰ੍ਹਾਂ ਅਵਤਾਰ ਸਿੰਘ ਖੰਡਾ ਦੀ ਮਾਤਾ ਤੇ ਭੈਣ ਨੂੰ ਤੰਗ ਪਰੇਸ਼ਾਨ ਨਾ ਕਰੋ। ਪਰ ਪੁਲਿਸ ਵੱਲੋਂ ਓਹਨਾਂ ਨੂੰ ਰੋਜ਼ ਦੀ ਰੋਜ਼ ਥਾਣੇ ਵਿੱਚ ਬੁਲਾ ਕੇ ਤੰਗ ਕੀਤਾ ਜਾਂਦਾ ਹੈ, ਜੋ ਕਿ ਬਹੁਤ ਮਾੜੀ ਗੱਲ ਹੈ।
'ਸਰਕਾਰ ਜਾਣਬੁੱਝ ਕੇ ਸਿੱਖਾਂ ਨੂੰ ਤੰਗ ਪਰੇਸ਼ਾਨ ਕਰਦੀ':- ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਅਵਤਾਰ ਸਿੰਘ ਖੰਡਾ ਦੀ ਮਾਤਾ ਨੂੰ ਲਾਲਚ ਦਿੱਤੇ ਕਿ ਜੇ ਤੁਸੀਂ ਦੱਸੋਗੇ ਕਿ ਅਵਤਾਰ ਸਿੰਘ ਖੰਡਾ ਕਿੱਥੇ ਹੈ, ਅਸੀਂ ਤੁਹਾਨੂੰ 10 ਲੱਖ ਰੁਪਏ ਦੇਵਾਂਗੇ, ਇਹ ਸਾਰੀ ਨਾਜਾਇਜ਼ ਕਾਰਵਾਈ ਸਿੱਖਾਂ ਦੇ ਖ਼ਿਲਾਫ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਸਰਕਾਰ ਜਾਣਬੁੱਝ ਕੇ ਸਿੱਖਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ। ਉਹਨਾਂ ਕਿਹਾ ਜਦੋਂ ਅਵਤਾਰ ਸਿੰਘ ਖੰਡਾ ਆਰੋਪੀ ਹੀ ਨਹੀਂ ਹੈ, ਫਿਰ ਕਿਉਂ ਉਹਨਾਂ ਦੇ ਪਰਿਵਾਰ ਨਾਲ ਧੱਕਾ ਕੀਤਾ ਜਾ ਰਿਹਾ ਸੀ।
'ਅਵਤਾਰ ਸਿੰਘ ਖੰਡਾ ਨੂੰ ਮਾਰਿਆ ਗਿਆ':-ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਵਤਾਰ ਸਿੰਘ ਖੰਡਾ ਨੂੰ ਮਾਰਿਆ ਗਿਆ, ਉਹ ਆਪ ਨਹੀਂ ਮਾਰਿਆ ਹਲਾਂਕਿ ਸਰਕਾਰ ਨੇ ਹਾਲੇ ਤੱਕ ਸੰਦੀਪ ਨੰਗਲ ਅੰਬੀਆਂ ਤੇ ਸਿੱਧੂ ਮੂਸੇਵਾਲਾ ਦੇ ਕਾਤਲ ਨਹੀਂ ਫੜ੍ਹੇ ਤੇ ਉਹਨਾਂ ਦੇ ਮਾਤਾ-ਪਿਤਾ ਇਨਸਾਫ ਲਈ ਧੱਕੇ ਖਾ ਰਹੇ ਹਨ। ਉਹਨਾਂ ਕਿਹਾ ਕਿ ਹੁਣ ਅਵਤਾਰ ਸਿੰਘ ਖੰਡੇ ਦੀ ਮਾਤਾ ਤੇ ਭੈਣ ਵੀ ਉਹਨਾਂ ਦੇ ਇਨਸਾਫ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਅਵਤਾਰ ਸਿੰਘ ਖੰਡਾ ਦੀ ਮਾਤਾ ਅਤੇ ਭੈਣ ਨੂੰ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਉੱਥੇ ਸਸਕਾਰ ਕਰ ਸਕਣ ਅਤੇ ਜੇਕਰ ਹੋ ਸਕੇ ਤਾਂ ਖੰਡਾ ਦੀ ਮ੍ਰਿਤਕ ਦੇਹ ਨੂੰ ਇੱਥੇ ਭੇਜਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਇਸ ਮੌਕੇ ਕਈ ਸਵਾਲ ਵੀ ਉਠਾਏ। ਉਨ੍ਹਾਂ ਕਿਹਾ ਕਿ ਦੱਸਿਆ ਜਾਵੇ ਕਿ ਅਵਤਾਰ ਸਿੰਘ ਖੰਡਾ ਦੀ ਮੌਤ ਕਿਵੇਂ ਹੋਈ।