ਮੋਗਾ:ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਪਿੰਡ ਕੁੱਸਾ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮਨੂੰ ਤੇ ਉਸਦੇ ਇੱਕ ਹੋਰ ਸਾਥੀ ਜਗਰੂਪ ਸਿੰਘ ਰੂਪਾ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿਖੇ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਸੀ। ਬੀਤੇ ਦਿਨ ਦੋਵਾਂ ਗੈਂਗਸਟਰਾਂ ਦਾ ਪੋਸਟਮਾਰਟਮ ਕੀਤਾ ਗਿਆ ਤੇ ਲਾਸ਼ਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਗੈਂਗਸਟਰ ਮਨਪ੍ਰੀਤ ਮਨੂੰ ਦੀ ਲਾਸ਼ ਦੇਰ ਰਾਤ ਪਰਿਵਾਰ ਨੂੰ ਸੌਂਪੀ ਗਈ ਤੇ ਪਰਿਵਾਰ ਨੇ ਤੜਕੇ 3 ਵਜੇ ਉਸ ਦਾ ਪਿੰਡ ਵਿੱਚ ਹੀ ਅੰਤਮ ਸਸਕਾਰ ਕਰ ਦਿੱਤਾ।
ਇਹ ਵੀ ਪੜੋ:ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਰਿੜਕੇਗੀ ਗੁਰਦਾਸਪੁਰ ਪੁਲਿਸ !
ਮੈਂ ਗੈਂਗਸਟਰ ਨਹੀਂ ਸੀ ਜੰਮਿਆ: ਗੈਂਗਸਟਰ ਮਨਪ੍ਰੀਤ ਮਨੂੰ ਦੇ ਐਨਕਾਊਂਟਰ ਤੋਂ ਬਾਅਦ ਪਿੰਡ ਕੁੱਸਾ ਇੱਕ ਵਾਰ ਮੁੜ ਸੁਰਖੀਆਂ ਵਿੱਚ ਆ ਗਿਆ ਹੈ ਅਤੇ ਪਿੰਡ ਵਿੱਚ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ। ਉਥੇ ਹੀ ਇਸ ਸਬੰਧੀ ਗੈਂਗਸਟਰ ਮਨਪ੍ਰੀਤ ਕੁੱਸੇ ਦੀ ਮਾਂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਆਪਣੀ ਕੁੱਖੋਂ ਗੈਂਗਸਟਰ ਨਹੀਂ ਜੰਮਿਆ ਸੀ ਮੇਰੇ ਪੁੱਤ ਨੂੰ ਸਰਕਾਰਾਂ ਨੇ ਗੈਂਗਸਟਰ ਬਣਾਇਆ ਹੈ। ਉਹਨਾਂ ਨੇ ਕਿਹਾ ਕਿ 2 ਮਹੀਨਿਆਂ ਬਾਅਦ ਆਪਣੇ ਪੁੱਤ ਦੀ ਲਾਸ਼ ਨੂੰ ਮਿਲੂਗੀ। ਮਾਂ ਨੇ ਕਿਹਾ ਕਿ ਜੇਕਰ ਕੋਈ ਬੱਚਾ ਗਲਤੀ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਭੇਜਿਆ ਜਾਵੇ ਇਸ ਤਰ੍ਹਾਂ ਮਾਰਿਆ ਨਾ ਜਾਵੇ।
ਉਥੇ ਹੀ ਗੈਂਗਸਟਰ ਮਨਪ੍ਰੀਤ ਮਨੂੰ ਦੀ ਮਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਲ੍ਹ ਵਿੱਚ ਬੰਦ ਉਹਨਾਂ ਦੇ 2 ਪੁੱਤਰਾਂ ਨੂੰ ਮਨਪ੍ਰੀਤ ਕੁੱਸੇ ਦੇ ਸਸਕਾਰ ‘ਤੇ ਲਿਆਂਦਾ ਜਾਵੇ ਤਾਂ ਕਿ ਉਹ ਆਪਣੇ ਭਰਾ ਦਾ ਆਖਰੀ ਵਾਰ ਮੂੰਹ ਦੇਖ ਸਕਣ। ਇਸ ਦੇ ਨਾਲ ਹੀ ਮਨੂੰ ਦੀ ਮਾਂ ਨੇ ਕਿਹਾ ਕਿ ਸਾਡਾ ਸਿੱਧੂ ਮੂਸੇਵਾਲ ਨਾਲ ਕੋਈ ਰੌਲਾ ਨਹੀਂ ਸੀ, ਜਦੋਂ ਵੀ ਕੋਈ ਕਤਲ ਹੁੰਦਾ ਤਾਂ ਸਿਰਫ਼ ਮਨਪ੍ਰੀਤ ਨੂੰ ਮੋਹਰੀ ਬਣਾਇਆ ਜਾਂਦਾ ਸੀ। ਮਨਪ੍ਰੀਤ ਦੀ ਮਾਂ ਨੇ ਕਿਹਾ ਜੇਕਰ ਕੋਈ ਕੁੱਤਾ ਵੀ ਮਰਦਾ ਸੀ ਤਾਂ ਮਨਪ੍ਰੀਤ ‘ਤੇ ਪੁਲਿਸ ਪਰਚਾ ਪਾ ਦਿੰਦੀ ਸੀ।