ਮੋਗਾ: ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਕਮਿਸ਼ਨਰ ਤੇ ਵਿਧਾਇਕ ਵਿਰੁੱਧ ਰੋਸ ਪ੍ਰਗਟ ਕੀਤਾ ਹੈ। ਇਸ ਦੌਰਾਨ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ।
ਮੋਗਾ: ਅਨਾਜ ਮੰਡੀ ਬੰਦ ਕਰ ਦੁਕਾਨਦਾਰਾਂ ਨੇ ਨਗਰ ਨਿਗਮ ਕਮਿਸ਼ਨਰ ਖਿਲਾਫ ਕੀਤਾ ਪ੍ਰਦਰਸ਼ਨ
ਮੋਗਾ 'ਚ ਪੁਰਾਣੀ ਅਨਾਜ ਮੰਡੀ ਬੰਦ ਕਰ ਦੁਕਾਨਦਾਰਾਂ ਨੇ ਨਗਰ ਨਿਗਮ ਕਮਿਸ਼ਨਰ ਤੇ ਵਿਧਾਇਕ ਹਰਜੋਤ ਕਮਲ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਸਾਲ 2018 ਦੇ ਵਿੱਚ ਮੰਡੀ ਦਾ ਨਗਰ ਨਿਗਮ ਨਾਲ ਜ਼ਮੀਨੀ ਵਿਵਾਦ ਸਬੰਧੀ ਕੇਸ ਚਲ ਰਿਹਾ ਸੀ। ਅਨਾਜ ਮੰਡੀ ਵੱਲੋਂ ਇਹ ਕੇਸ ਜਿੱਤ ਲਿਆ ਗਿਆ, ਜਿਸ ਤੋਂ ਬਾਅਦ ਮੌਜੂਦਾ ਸਮੇਂ ਦੇ ਨਗਰ ਨਿਗਮ ਕਮਿਸ਼ਨਰ ਨੇ ਮੰਡੀ ਬੋਰਡ ਨੂੰ ਇਹ ਥਾਂ ਦੇ ਦਿੱਤੀ ਸੀ ਤੇ ਉਨ੍ਹਾਂ ਨੂੰ ਆਪਣੀ ਦੁਕਾਨਾਂ ਬਾਹਰ ਸ਼ੈਡ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਦੁਕਾਨਦਾਰਾਂ ਦੇ ਮੁਤਾਬਕ ਨਗਰ ਨਿਗਮ ਕਰਮਚਾਰੀਆਂ ਨੇ ਸਰਕਾਰੀ ਛੁੱਟੀ ਵਾਲੇ ਦਿਨ ਬਿਨ੍ਹਾਂ ਕਿਸੇ ਜਾਣਕਾਰੀ ਤੇ ਸਰਕਾਰੀ ਨੋਟਿਸ ਦਿੱਤੇ ਉਨ੍ਹਾਂ ਦੇ ਸ਼ੈਡ ਤੋੜ ਦਿੱਤੇ। ਇਸ ਲਈ ਉਹ ਨਗਰ ਨਿਗਮ ਕਮਿਸ਼ਨਰ ਤੇ ਵਿਧਾਇਕ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। ਦੁਕਾਨਦਾਰਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਤੇ ਵਿਧਾਇਕ ਹਰਜੋਤ ਕਮਲ 'ਤੇ ਉਨ੍ਹਾਂ ਨੂੰ ਬੇਵਜਹ ਤੰਗ ਪਰੇਸ਼ਾਨ ਕੀਤੇ ਜਾਣ ਦੇ ਦੋਸ਼ ਲਾਏ ਹਨ। ਸੁਣਵਾਈ ਨਾ ਹੋਣ ਤੱਕ ਦੁਕਾਨਦਾਰਾਂ ਨੇ ਅਣਮਿੱਥੇ ਸਮੇਂ ਲਈ ਮੰਡੀ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਇਸ ਬਾਰੇ ਮੌਕੇ 'ਤੇ ਪੁੱਜੇ ਡੀਐਸਪੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਦੁਕਾਨਦਾਰਾਂ ਦਾ ਨਗਰ ਨਿਗਮ ਨਾਲ ਜੋ ਝਗੜਾ ਹੈ, ਉਸ 'ਚ ਉਹ ਕੁੱਝ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਉਹ ਇੱਥੇ ਜਾਇਜ਼ਾ ਲੈਣ ਪੁੱਜੇ ਹਨ ਕਿ ਰੋਸ ਪ੍ਰਦਰਸ਼ਨ ਦੌਰਾਨ ਸਮਾਜਿਕ ਦੂਰੀ ਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਰੀ ਹਿਦਾਇਤਾਂ ਦੀ ਪਾਲਣਾ ਹੋਵੇ।