ਮੋਗਾ :ਮੋਗਾ ਪੁਲਿਸ ਨੇ ਬੀਤੀ 21 ਮਾਰਚ ਨੂੰ ਪਿੰਡ ਜੈਮਲਵਾਲਾ ਕੋਲੋਂ ਸੜਕ ਕਿਨਾਰੇ ਮਿਲੀ ਕਰਮਜੀਤ ਕੌਰ ਉਰਫ ਗੋਮਾ ਦੀ ਲਾਸ਼ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਤੋਂ ਬਾਅਦ ਉਸ ਦੇ ਕਥਿਤ ਪ੍ਰੇਮੀ ਸਾਬਕਾ ਸਰਪੰਚ ਪਰਉਪਰਕਾਰ ਉਰਫ ਸੋਨੀ ਅਤੇ ਉਸ ਦੋਸਤ ਜਸਪਾਲ ਸਿੰਘ ਉਰਫ ਜੱਸਾ ਦੋਵੇਂ ਵਾਸੀ ਪਿੰਡ ਕੋਰੇਵਾਲਾ ਖੁਰਦ ਨੂੰ ਕਾਬੂ ਕਰਕੇ ਲਾਸ਼ ਨੂੰ ਟਿਕਾਣੇ ਲਗਾਉਣ ਲਈ ਵਰਤੀ ਗਈ ਕਾਰ ਅਤੇ ਮੋਬਾਇਲ ਫੋਨ ਵੀ ਬਰਾਮਦ ਕਰ ਲਏ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਐੱਸ. ਪੀ. ਆਈ ਅਜੇ ਰਾਜ ਸਿੰਘ ਨੇ ਦੱਸਿਆ ਕਿ ਬੀਤੀ 21 ਮਾਰਚ ਨੂੰ ਬਾਘਾ ਪੁਰਾਣਾ ਪੁਲਿਸ ਕੋਲ ਕਿਸੇ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪਿੰਡ ਜੈਮਲਵਾਲਾ ਦੇ ਕੋਲ ਸੜਕ ਕਿਨਾਰੇ ਇਕ ਨੌਜਵਾਨ ਲੜਕੀ ਦੀ ਲਾਸ਼ ਪਈ ਹੈ ਜਿਸ ’ਤੇ ਥਾਣਾ ਮੁਖੀ ਜਤਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਇਸ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਇਲਾਵਾ ਡੀ. ਐੱਸ. ਪੀ. ਬਾਘਾ ਪੁਰਾਣਾ ਨੂੰ ਦਿੱਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜਿਆ ਗਿਆ, ਜਿਸ ਦੀ ਪਛਾਣ ਕਰਮਜੀਤ ਕੌਰ ਉਰਫ ਗੋਮਾ ਦੇ ਤੌਰ ’ਤੇ ਉਸ ਦੀ ਮਾਤਾ ਰਾਣੀ ਨਿਵਾਸੀ ਪਿੰਡ ਬਣਾਂਵਾਲੀ ਹਾਲ ਸੰਤ ਨਗਰ ਮੋਗਾ ਵੱਲੋਂ ਕੀਤੀ ਗਈ।
ਪਤੀ ਨਾਲ ਤਲਾਕ ਹੋਣ ਤੋਂ ਬਾਅਦ: ਐੱਸ. ਪੀ. ਆਈ ਅਜੇ ਰਾਜ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਜੇ ਏਲਨਚੇਲੀਅਨ ਵੱਲੋਂ ਇਕ ਟੀਮ ਡੀ. ਐੱਸ. ਪੀ. ਬਾਘਾ ਪੁਰਾਣਾ ਜਸਜੋਤ ਸਿੰਘ, ਥਾਣਾ ਮੁਖੀ ਜਤਿੰਦਰ ਸਿੰਘ ਆਦਿ ’ਤੇ ਅਧਾਰਿਤ ਗਠਿਤ ਕੀਤੀ ਗਈ। ਜਾਂਚ ਸਮੇਂ ਪਤਾ ਲੱਗਾ ਕਿ ਕਰਮਜੀਤ ਕੌਰ ਉਰਫ ਗੋਮਾ ਜਿਸ ਦਾ ਵਿਆਹ 2015 ਵਿਚ ਗੁਰਮੀਤ ਸਿੰਘ ਨਿਵਾਸੀ ਕੋਟਕਪੂਰਾ ਨਾਲ ਹੋਇਆ ਸੀ ਅਤੇ ਇਸ ਦੇ ਇਕ ਬੇਟੀ ਹੈ। ਗੋਮਾ ਮੋਗਾ ਦੇ 9 ਨਿਊ ਟਾਊਨ ਵਿਚ ਸਥਿਤ ਇਕ ਬਿਊਟੀ ਪਾਰਲਰ ਵਿਚ ਕੰਮ ਕਰਦੀ ਸੀ। ਮ੍ਰਿਤਕਾ ਦੀ ਮਾਤਾ ਰਾਣੀ ਦੇ ਦੱਸਣ ਅਨੁਸਾਰ ਉਸਦੀ ਬੇਟੀ ਆਪਣੀ ਬੱਚੀ ਸਮੇਤ ਮੇਰੇ ਕੋਲ ਪਤੀ ਨਾਲ ਤਲਾਕ ਹੋਣ ਤੋਂ ਬਾਅਦ ਮੇਰੇ ਕੋਲ ਰਹਿ ਰਹੀ ਸੀ ਅਤੇ 20 ਮਾਰਚ ਨੂੰ ਆਪਣੀ ਐਕਟਿਵਾ ਸਕੂਟਰੀ ’ਤੇ ਇਹ ਕਹਿ ਕੇ ਗਈ ਕਿ ਮੈਂ ਕੰਮ ਜਾ ਰਹੀ ਹਾਂ, ਪਰ ਵਾਪਸ ਨਹੀਂ ਆਈ। ਜਦੋਂ ਪੁਲਿਸ ਵੱਲੋਂ ਸਖ਼ਤੀ ਨਾਲ ਰਾਣੀ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸਦੀ ਬੇਟੀ ਦੇ ਪਰਉਪਕਾਰ ਉਰਫ ਸੋਨੀ ਨਿਵਾਸੀ ਪਿੰਡ ਕੋਰੇਵਾਲਾ ਖੁਰਦ ਨਾਲ ਕਥਿਤ ਪ੍ਰੇਮ ਸਬੰਧ ਹਨ ਅਤੇ ਉਹ ਅਕਸਰ ਹੀ ਸਾਡੇ ਘਰ ਆਉਂਦਾ ਜਾਂਦਾ ਸੀ।