ਮੋਗਾ:ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਅਧੀਨ ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾਕੇ ਭੇਜੀਆਂ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਨਸ਼ਾ ਰੋਕੂ ਮੁਹਿੰਮ ਤਹਿਤ ਇੰਸਪੈਕਟਰ ਤਰਲੋਚਣ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਬਾਘਾਪੁਰਾਣਾ ਦੀ ਟੀਮ ਵੱਲੋਂ ਦੋਰਾਨੇ ਗਸ਼ਤ ਤਿੰਨ ਮੁਲਜ਼ਮ ਜਸਵੀਰ ਸਿੰਘ ਉਰਫ਼ ਜੱਸੀ ਪੁੱਤਰ ਮਾਨ ਸਿੰਘ ਵਾਸੀ ਸ਼ਪਾਰ ਜ਼ਿਲ੍ਹਾ ਲੁਧਿਆਣਾ, ਦਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸ਼ੀ ਸ਼ਪਾਰ ਜ਼ਿਲ੍ਹਾ ਲੁਧਿਆਣਾ ਅਤੇ ਸਬੀਰ ਖਾਨ ਪੁੱਤਰ ਨਾਜੀਰ ਖਾਨ ਵਾਸੀ ਰਸੂਲਪੁਰ ਥਾਣਾ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਨੂੰ ਇੱਕ ਲੈਂਸਰ ਗੱਡੀ ਨੰਬਰ ਪੀ.ਬੀ 10-ਸੀ.ਐਚ-4800 ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 4 ਕਿਲੋਗ੍ਰਾਮ ਅਫ਼ੀਮ ਬਰਾਮਦ ਕਰਕੇ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।
ਇਸਦੇ ਨਾਲ ਹੀ ਇੱਕ ਮੁਲਜ਼ਮ ਬਲਰਾਜ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਰਵਾਨਾ ਨਗਰ, ਮੋਗਾ ਨੂੰ ਇੱਕ 32 ਬੋਰ ਦੇਸੀ ਪਿਸਤੋਲ ਸਮੇਤ 3 ਰੌਂਦ ਜਿੰਦਾ 32 ਬੋਰ ਅਤੇ ਇੱਕ ਸਕਾਰਪੀਓ ਗੱਡੀ ਸਮੇਤ ਕਾਬੂ ਕਰਕੇ ਅਸਲਾ ਐਕਟ ਤਹਿਤ ਮੁਕੱਦਮ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਦੋ ਨਸ਼ਾ ਤਸਕਰਾਂ ਪਾਸੋਂ 10 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਜਿਸਦਾ ਨੰਬਰ ਪੀ.ਬੀ 29-ਏ.ਬੀ-5185 ਹੈ ਬਰਾਮਦ ਕੀਤਾ ਹੈ ਅਤੇ ਇਸ ਤਹਿਤ ਦੋ ਮੁਲਜ਼ਮਾਂ ਉੱਪਰ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਮਹਿਣਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।