ਮੋਗਾ:ਪੰਜਾਬ 'ਚ ਨਸ਼ਾ ਤਸਕਰੀ ਦੇ ਮਾਮਲੇ ਦਿਨ ਪਰ ਦਿਨ ਵੱਧਦੇ ਜਾ ਰਹੇ ਹਨ। ਕਿਤੇ ਗੁਆਂਢੀ ਮੁਲਕ ਤੋਂ ਡਰੋਨ ਰਾਹੀ ਨਸ਼ੇ ਦੀ ਖੇਪ ਪਹੁੰਚਾਈ ਜਾ ਰਹੀ ਹੈ ਤਾਂ ਕਿਤੇ ਪੰਜਾਬ ਵਿਚਾਲੇ ਸ਼ਰਾਰਤੀ ਅਨਸਰ ਨਸ਼ੇ ਦੀ ਤਸਕਰੀ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ 'ਚ ਵੀ ਸਾਹਮਣੇ ਆਇਆ ਹੈ, ਜਿਥੇ ਮੋਗਾ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ ਇੱਕ ਕਿਲੋ ਅਫੀਮ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਨਾਕਾਬੰਦੀ ਦੌਰਾਨ ਮੁਲਜ਼ਮ ਕੀਤਾ ਕਾਬੂ:ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਦੇ ਐਸ.ਪੀ.ਡੀ ਅਜੈ ਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਹੁਣ ਪੰਜਾਬ ਵਿੱਚ ਨਸ਼ਾਖੋਰੀ ਦੀ ਮਨਾਹੀ ਹੈ। ਤਸਕਰੀ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਬੀਤੀ ਸ਼ਾਮ ਸੀ.ਆਈ.ਏ ਸਟਾਫ ਮੋਗਾ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਸਮਾਲਸਰ ਵਿਖੇ ਨਾਕਾਬੰਦੀ ਕੀਤੀ ਗਈ ਸੀ ਅਤੇ ਆਉਣ-ਜਾਣ ਵਾਲੇ ਹਰ ਵਿਅਕਤੀ ਨੂੰ ਰੋਕਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਤੇਜਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸਮਾਲਸਰ ਜੋ ਕਿ ਸ਼ੱਕੀ ਹਾਲਾਤਾਂ 'ਚ ਆ ਰਿਹਾ ਸੀ, ਉਸ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉਸ ਦੇ ਕਬਜ਼ੇ 'ਚੋਂ ਇਕ ਕਿੱਲੋ ਅਫੀਮ ਬਰਾਮਦ ਹੋਈ ਹੈ।