ਮੋਗਾ: ਹਰ ਵਾਰ ਝੋਨੇ ਦੇ ਸੀਜਨ ਦੌਰਾਨ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਉਥੇ ਹੀ ਸਰਕਾਰਾਂ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਈ ਢੰਗ ਤਰੀਕ ਅਪਣਾਏ ਜਾਂਦੇ ਹਨ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਨਾਲ ਲਾਉਣ ਅਤੇ ਵਾਤਾਵਰਣ ਗੰਦਲਾ ਨਾ ਹੋਵੇ। ਉਥੇ ਹੀ ਪੰਜਾਬ ਦੇ ਕਈ ਕਿਸਾਨ ਅਜਿਹੇ ਵੀ ਹਨ, ਜੋ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਅਜਿਹਾ ਹੀ ਮੋਗਾ ਦਾ ਕਿਸਾਨ ਜਸਪਾਲ ਸਿੰਘ ਜਿਸ ਦਾ ਕਹਿਣਾ ਕਿ ਪਿਛਲੇ ਕਰੀਬ ਨੌ ਸਾਲ ਤੋਂ ਉਸ ਵਲੋਂ ਪਰਾਲੀ ਨੂੰ ਅੱਗ ਨਹੀਂ ਲਾਈ ਗਈ।(Stubble Burning)
ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵਾਧਾ: ਕਿਸਾਨ ਦਾ ਕਹਿਣਾ ਕਿ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ 'ਚ ਨਸ਼ਟ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵਾਧਾ ਹੁੰਦਾ ਹੈ, ਜਿਸ ਕਾਰਨ ਉਹ ਪਿਛਲੇ ਨੌ ਸਾਲਾਂ ਤੋਂ ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਾਉਂਦੇ। ਉਨ੍ਹਾਂ ਦਾ ਕਹਿਣਾ ਕਿ ਝੋਨੇ ਦੀ ਕਟਾਈ ਦੇ ਨਾਲ-ਨਾਲ ਮਲਚਿੰਗ ਵਿਧੀ ਰਾਹੀਂ ਖੇਤਾਂ ਵਿੱਚ ਪਰਾਲੀ ਖਪਤ ਕੀਤੀ ਜਾ ਰਹੀ ਹੈ। ਕਿਸਾਨ ਦਾ ਕਹਿਣਾ ਕਿ ਜਦੋਂ ਸਰਕਾਰ ਵਲੋਂ ਸਬਸਿਡੀ ਅਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿਸਾਨਾਂ ਨੂੰ ਵੀ ਚਾਹੀਦਾ ਕਿ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਣ ਨੂੰ ਗੰਦਾ ਨਾ ਕਰੀਏ। ਉਨ੍ਹਾਂ ਕਿਹਾ ਕਿ ਅਸੀਂ ਇਹ ਉੁਦਮ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਹੋਰ ਕਿਸਾਨ ਵੀ ਸਾਡੇ ਨਾਲ ਜੁੜਨੇ ਸ਼ੁਰੂ ਗਏ ਹਨ। ਉਨ੍ਹਾਂ ਕਿਹਾ ਕਿ ਅੱਗ ਨਾ ਲਾਉਣ ਨਾਲ ਝਾੜ ਨੂੰ ਵੀ ਕੋਈ ਫਰਕ ਨਹੀਂ ਪੈਂਦਾ।
ਸਰਕਾਰ ਦਿੰਦੀ ਸਹੂਲਤਾਂ: ਇਸ ਦੇ ਨਾਲ ਹੀ ਕਿਸਾਨ ਦਾ ਕਹਿਣਾ ਕਿ ਅਤਿ ਅਧੁਨਿਕ ਮਸ਼ੀਨ ਨਾਲ ਝੋਨੇ ਦੀ ਕਟਾਈ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਵਿਚ ਹੀ ਖਪਤ ਕੀਤਾ ਜਾ ਸਕਦਾ ਹੈ ਅਤੇ ਖਾਦ ਦੀ ਵਰਤੋਂ ਵੀ ਇਸ ਨਾਲ ਘੱਟ ਜਾਂਦੀ ਹੈ। ਕਿਸਾਨ ਦਾ ਕਹਿਣਾ ਕਿ ਉਨ੍ਹਾਂ ਵਲੋਂ ਝੋਨੇ ਦੀ ਕਟਾਈ ਤੋਂ ਬਾਅਦ ਬਿਨਾਂ ਪਰਾਲੀ ਨੂੰ ਅੱਗ ਲਾਏ ਹੀ ਆਲੂ ਦੀ ਬਿਜਾਈ ਕੀਤੀ ਜਾਂਦੀ ਹੈ ਤੇ ਜਿਥੇ ਡੀਏਪੀ ਦੀਆਂ ਚਾਰ ਬੋਰੀਆਂ ਲੱਗਦੀਆਂ ਸੀ ਤਾਂ ਹੁਣ ਉਥੇ ਦੋ ਬੋਰੀਆਂ ਨਾਲ ਹੀ ਕੰਮ ਸਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਸਰਕਾਰਾਂ ਵੀ ਢਿੱਲ ਦੇ ਦਿੰਦੀਆਂ ਹਨ, ਜਿਸ ਕਾਰਨ ਕਿਸਾਨ ਅੱਗ ਲਾਉਂਦੇ ਹਨ।
ਅੱਗ ਦੇ ਮਾਮਲਿਆਂ ਨੂੰ ਘੱਟ ਕਰਨ ਦੇ ਉਪਰਾਲੇ: ਉਧਰ ਮੋਗਾ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਾਉਣ ਦੇ ਮਸਲਿਆਂ ਨੂੰ ਬੰਦ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਨਜ਼ਰਸਾਨੀ ਕਰਨ ਲਈ ਨੋਡਲ ਅਫ਼ਸਰ/ਕਲੱਸਟਰ ਅਫ਼ਸਰ ਨਿਯੁਕਤ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਸ਼ੀਨਰੀ ਅਤੇ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਨਾਲ ਉਹ ਪਰਾਲੀ ਦਾ ਨਿਪਟਾਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਨੁਮਾਇੰਦਿਆਂ ਵਲੋਂ ਪਰਾਲੀ ਨੂੰ ਨਾ ਸਾੜਨ ਸਬੰਧੀ ਪਿੰਡ ਪੱਧਰੀ ਕੈਂਪਾਂ ਨੂੰ ਇਸੇ ਤਰ੍ਹਾਂ ਹੀ ਤੇਜ਼ ਗਤੀ ਨਾਲ ਜਾਰੀ ਰੱਖਿਆ ਜਾਵੇ।