ਮੋਗਾ: ਪੰਜਾਬ ’ਚ ਵਾਪਰੀਆਂ ਬੇਅਦਬੀ ਦੇ ਮਾਮਲਿਆਂ ਦੀਆਂ ਘਟਨਾਵਾਂ ’ਤੇ ਮੋਗਾ ਦੀ ਅਦਾਲਤ ਵੱਲੋਂ ਸਭ ਤੋਂ ਪਹਿਲਾ ਅਤੇ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ। ਮੋਗਾ ਵਿਖੇ ਪਿੰਡ ਮੱਲਕੇ ’ਚ 2015 ’ਚ ਵਾਪਰੀ ਬੇਅਦਬੀ ਦੀ ਘਟਨਾ ਦੇ ਮਾਮਲੇ ’ਚ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦਕਿ ਦੋ ਡੇਰਾ ਪ੍ਰੇਮੀਆਂ ਨੂੰ ਬਰੀ ਕੀਤਾ ਗਿਆ ਹੈ।
ਮੋਗਾ ਦੇ ਪਿੰਡ ਮੱਲਕੇ ਵਿੱਚ ਹੋਈ ਸੀ ਬੇਅਦਬੀ: ਸੱਤ ਸਾਲ ਪਹਿਲਾਂ 12 ਅਕਤੂਬਰ 2015 ਨੂੰ ਬਰਗਾੜੀ ਵਿੱਚ ਹੋਏ ਬੇਅਦਬੀ ਕਾਂਡ ਤੋਂ 20 ਦਿਨ ਬਾਅਦ 4 ਨਵੰਬਰ 2015 ਵਿੱਚ ਮੋਗਾ ਦੇ ਪਿੰਡ ਮੱਲਕੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛੋਟੇ ਸਰੂਪਾਂ (ਸੈਂਚੀਆਂ) ਦੀ ਹੋਈ ਬੇਅਦਬੀ ਮਾਮਲੇ ਚ ਮੋਗਾ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਹੋਇਆਂ ਤਿੰਨ ਡੇਰਾ ਪ੍ਰੇਮੀਆਂ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ, ਦੇ ਨਾਲ ਹੀ ਧਾਰਾ 120 B ਤਹਿਤ 5-5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਪਾਇਆ ਹੈ।
ਪੁਲਿਸ ਨੂੰ ਕੀਤਾ ਤਾਇਨਾਤ: ਜ਼ਿਕਰਯੋਗ ਹੈ ਕਿ ਮੋਗਾ ਦੇ ਪਿੰਡ ਮੱਲਕੇ ’ਚ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਜਿਸ ਨੂੰ ਲੈ ਕੇ ਅੱਜ ਫ਼ੈਸਲਾ ਸੁਣਾਇਆ ਗਿਆ ਹੈ ਤੇ ਚੱਪੇ-ਚੱਪੇ ’ਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ। ਇਸ ਦੇ ਨਾਲ ਹੀ ਬਾਹਰੀ ਜ਼ਿਲ੍ਹਿਆਂ ਤੋਂ ਵੀ ਫ਼ੋਰਸ ਮੰਗਵਾਈ ਗਈ ਸੀ।
'ਯਕੀਨ ਸੀ ਕਿ ਦੋਸ਼ੀਆਂ ਨੂੰ ਮਿਲੇਗੀ ਸਜ਼ਾ': ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਘਟਨਾ ਦੇ ਮੁੱਖ ਗਵਾਹ ਗੁਰਸੇਵਕ ਸਿੰਘ ਮੱਲ ਨੇ ਕਿਹਾ ਕਿ ਅਸੀਂ 2015 ਤੋਂ ਲਗਾਤਾਰ ਅਦਾਲਤਾਂ ’ਚ ਧੱਕੇ ਖਾ ਰਹੇ ਸੀ। ਇਥੋਂ ਤੱਕ ਕਿ ਡੇਰਾ ਪ੍ਰੇਮੀਆਂ ਵੱਲੋਂ ਇਸ ਕੇਸ ਨੂੰ ਮਾਣਯੋਗ ਹਾਈ ਕੋਰਟ ਵੀ ਲਿਜਾਇਆ ਗਿਆ, ਜਿੱਥੋਂ ਮਾਣਯੋਗ ਅਦਾਲਤ ਨੇ ਇਸ ਨੂੰ ਮੋਗਾ ਅਦਾਲਤ ’ਚ ਭੇਜ ਦਿੱਤਾ ਸੀ। ਸਾਨੂੰ ਪੂਰਾ ਭਰੋਸਾ ਹੈ ਕਿ ਡੇਰਾ ਪ੍ਰੇਮੀਆਂ ਨੂੰ ਜ਼ਰੂਰ ਸਜ਼ਾ ਮਿਲੇਗੀ। ਅੱਜ ਬੇਅਦਬੀ ਦੀ ਘਟਨਾ ਦੇ ਮਾਮਲੇ ’ਚ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦਕਿ ਦੋ ਡੇਰਾ ਪ੍ਰੇਮੀਆਂ ਨੂੰ ਬਰੀ ਕੀਤਾ ਗਿਆ ਹੈ।
ਉਚੇਰੀ ਅਦਾਲਤ ਵਿਚ ਕਰਾਂਗੇ ਅਪੀਲ: ਉੱਥੇ ਹੀ ਗੱਲਬਾਤ ਕਰਦੇ ਹੋਏ ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੈਂਬਰ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਅਸੀਂ ਅੱਜ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਕਿ ਅਦਾਲਤ ਨੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ ਅਤੇ ਜਿਹੜੇ ਦੋ ਦੋਸ਼ੀ ਅਦਾਲਤ ਨੇ ਬਰੀ ਕੀਤੇ ਹਨ ਉਨ੍ਹਾਂ ਦੇ ਖਿਲਾਫ ਵੀ ਜਲਦ ਅਸੀਂ ਕਾਨੂੰਨੀ ਰਾਏ ਲੈ ਕੇ ਉਚੇਰੀ ਅਦਾਲਤ ਵਿਚ ਅਪੀਲ ਪਾਵਾਂਗੇ।